- ਪੰਥ ਤੇ ਪੰਜਾਬ ਨੂੰ ਮਜ਼ਬੂਤ ਕਰਨ ਲਈ ਏਕਾ ਜ਼ਰੂਰੀ : ਸੁਖਦੇਵ ਸਿੰਘ ਢੀਂਡਸਾ
- ਅਕਾਲੀ ਦਲ ਦੇ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂਆਂ ਦਾ ਪਾਰਟੀ ਵਿਚ ਸ਼ਾਮਲ ਹੋਣ ’ਤੇ ਕੀਤਾ ਸਵਾਗਤ
- ਢੀਂਡਸਾ ਨੂੰ ਪਾਰਟੀ ਦੇ ਸਰਪ੍ਰਸਤ ਦੀ ਜ਼ਿੰਮੇਵਾਰੀ ਸੰਭਾਲਣ ਦੀ ਕੀਤੀ ਅਪੀਲ
- ਹੱਥ ਜੋੜ ਕੇ ਅਕਾਲੀ ਦਲ ਛੱਡ ਕੇ ਗਏ ਆਗੂਆਂ ਨੂੰ ਵਾਪਸੀ ਦੀ ਕੀਤੀ ਅਪੀਲ
ਚੰਡੀਗੜ੍ਹ, 5 ਮਾਰਚ : ਇਤਿਹਾਸਕ ਘਟਨਾਕ੍ਰਮ ਵਿਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਪਾਰਟੀ ਵਿਚ ਰਲੇਵਾਂ ਹੋ ਗਿਆ ਤਾਂ ਜੋ ਪੰਥ ਤੇ ਪੰਜਾਬ ਨੂੰ ਮਜ਼ਬੂਤ ਕੀਤਾ ਜਾ ਸਕੇ। ਦੋਵਾਂ ਪਾਰਟੀਆਂ ਦੇ ਰਲੇਵੇਂ ਨੂੰ ਪੰਜਾਬ ਨੂੰ ਮੁੜ ਲੀਹਾਂ ’ਤੇ ਲਿਆਉਣ ਲਈ ਸਾਂਝੀ ਜ਼ਿੰਮੇਵਾਰੀ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਾਡੇ ਆਗੂਆਂ ਤੇ ਵਰਕਰਾਂ ਵਿਚ ਇਹ ਮਜ਼ਬੂਤ ਭਾਵਨਾ ਸੀ ਕਿ ਪੰਥ ਲਈ ਏਕਤਾ ਜ਼ਰੂਰੀ ਹੈ, ਇਸ ਵਾਸਤੇ ਸ਼੍ਰੋਮਣੀ ਅਕਾਲੀ ਦਲ ਨਾਲ ਰਲੇਵਾਂ ਹੋਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ 2015 ਵਿਚ ਵਾਪਰੇ ਬੇਅਦਬੀ ਮਾਮਲਿਆਂ ਲਈ ਦਿਲੋਂ ਮੁਆਫੀ ਮੰਗ ਲਈ ਸੀ। ਇਸ ਮਗਰੋਂ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਬੀਤੇ ਕੱਲ੍ਹ ਮੀਟਿੰਗ ਸੱਦੀ ਜਿਸ ਵਿਚ ਏਕੇ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਤੇ ਸੰਗਰੂਰ ਜ਼ਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਸਰਦਾਰ ਢੀਂਡਸਾ ਦੀ ਰਿਹਾਇਸ਼ ’ਤੇ ਪਹੁੰਚੇ। ਬਾਅਦ ਵਿਚ ਸਰਦਾਰ ਢੀਂਡਸਾ ਦੀ ਰਿਹਾਇਸ਼ ’ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਦੋਵਾਂ ਪਾਰਟੀਆਂ ਦੇ ਰਲੇਵੇਂ ਨੂੰ ਦੋ ਪਰਿਵਾਰਾਂ ਦਾ ਰਲੇਵਾਂ ਕਰਾਰ ਦਿੱਤਾ। ਉਹਨਾਂ ਨੇ ਸਰਦਾਰ ਢੀਂਡਸਾ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦੀ ਜ਼ਿੰਮੇਵਾਰੀ ਸੰਭਾਲਣ ਕਿਉਂਕਿ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਸਦੀਵੀਂ ਵਿਛੋੜੇ ਤੋਂ ਬਾਅਦ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਹਨ। ਉਹਨਾਂ ਨੇ ਕਿਹਾ ਕਿ ਸਰਦਾਰ ਢੀਂਡਸਾ ਦੇ ਨਾਲ ਸਰਦਾਰ ਬਲਵਿੰਦਰ ਸਿੰਘ ਭੂੰਦੜ ਵਰਗੇ ਸੀਨੀਅਰ ਆਗੂਆਂ ਨੇ ਆਪਣੀਆਂ ਨਿੱਜੀ ਕੁਰਬਾਨੀਆਂ ਦੇ ਕੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਰਲ ਕੇ ਪਾਰਟੀ ਦਾ ਨਿਰਮਾਣ ਕੀਤਾ ਹੈ। ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਸ਼੍ਰੋਮਣੀ ਕਮੇਟੀ ਮੈਂਬਰਾਂ ਸਮੇਤ ਸਾਰੇ ਆਗੂਆਂ ਜਿਹਨਾਂ ਨੇ ਅੱਜ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ, ਨੂੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਨੇ ਸਾਬਕਾ ਵਿੱਤ ਮੰਤਰੀ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੇ ਵੀ ਪਾਰਟੀ ਵਿਚ ਸ਼ਾਮਲ ਹੋਣ ਦਾ ਸਵਾਗਤ ਕਰਦਿਆਂ ਉਹਨਾਂ ਵੱਲੋਂ ਪੰਜਾਬ ਲਈ ਪਾਏ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਸਰਦਾਰ ਬਾਦਲ ਨੇ ਹੱਥ ਜੋੜ ਕੇ ਅਕਾਲੀ ਦਲ ਛੱਡ ਕੇ ਗਏ ਅਕਾਲੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਮੁੜ ਪਾਰਟੀ ਵਿਚ ਸ਼ਾਮਲ ਹੋਣ ਤੇ ਕਿਹਾ ਕਿ ਇਕੱਲਾ ਅਕਾਲੀ ਦਲ ਹੀ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਰਾਖੀ ਕਰਨ ਦੇ ਸਮਰਥ ਹੈ। ਉਹਨਾਂ ਕਿਹਾ ਕਿ ਮੈਂ ਹਰ ਕਿਸੇ ਤੋਂ ਮੁਆਫੀ ਮੰਗਦਾ ਹਾਂ। ਮੀਡੀਆ ਦੇ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਫਿਰ ਦੁਹਰਾਇਆ ਕਿ ਉਹ ਬੀਬੀ ਜਗੀਰ ਕੌਰ ਜੀ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਨ ਕਿ ਉਹ ਪਾਰਟੀ ਵਿਚ ਵਾਪਸ ਆ ਜਾਣ। ਇਸ ਤੋਂ ਪਹਿਲਾਂ ਜਦੋਂ ਪੱਤਰਕਾਰਾਂ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਸਵਾਲ ਕੀਤਾ ਤਾਂ ਉਹਨਾਂ ਕਿਹਾ ਕਿ ਉਹ ਅੱਜ ਪਾਰਟੀ ਆਗੂਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਇਸ ਕਰ ਕੇ ਸ਼ਾਮਲ ਹੋਏ ਹਨ ਕਿਉਂਕਿ ਇਸ ਵੇਲੇ ਪੰਜਾਬ ਵਿਚ ਇਸਦੀ ਜ਼ਰੂਰਤ ਹੈ। ਉਹਨਾਂ ਕਿਹਾ ਕਿ ਜੋ ਕੱਲ੍ਹ ਵਿਧਾਨ ਸਭਾ ਵਿਚ ਹੋਇਆ, ਉਹ ਸਭ ਨੇ ਵੇਖਿਆ ਤੇ ਪੰਜਾਬੀਆਂ ਨੇ ਕਦੇ ਇਕ ਮੁੱਖ ਮੰਤਰੀ ਨੂੰ ਇਸ ਤਰੀਕੇ ਵਿਹਾਰ ਕਰਦੇ ਨਹੀਂ ਵੇਖਿਆ। ਉਹਨਾਂ ਕਿਹਾ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ ਅਤੇ ਕਿਸਾਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਤੇ ਸਮਾਜ ਦੇ ਹੋਰ ਵਰਗ, ਵਪਾਰੀ ਅਤੇ ਉਦਯੋਗਪਤੀ ਵੀ ਅਕਾਲੀ ਏਕੇ ਦੀ ਉਡੀਕ ਕਰ ਰਹੇ ਹਨ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹਮੇਸ਼ਾ ਆਪਣੇ ਪੁੱਤਰਾਂ ਵਾਂਗੂ ਸਮਝਿਆ ਹੈ ਤੇ ਅਕਾਲੀ ਦਲ ਦੀ ਅਗਵਾਈ ਵਾਸਤੇ ਉਹਨਾਂ ਦਾ ਨਾਂ ਵੀ ਪੇਸ਼ ਕੀਤਾ ਸੀ। ਇਸ ਮੌਕੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ, ਸਰਦਾਰ ਗੋਬਿੰਦ ਸਿੰਘ ਲੌਂਗੋਵਾਲ, ਸਰਦਾਰ ਸੁਰਜੀਤ ਸਿੰਘ ਰੱਖੜਾ, ਸਰਦਾਰ ਇਕਬਾਲ ਸਿੰਘ ਝੂੰਦਾ, ਸ੍ਰੀ ਅਨਿਲ ਜੋਸ਼ੀ, ਸ੍ਰੀ ਐਨ ਕੇ ਸ਼ਰਮਾ ਅਤੇ ਸਰਦਾਰ ਬਰਜਿੰਦਰ ਸਿੰਘ ਮੱਖਣ ਬਰਾੜ ਵੀ ਹਾਜ਼ਰ ਸਨ। ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਤੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਦੇ ਨਾਲ ਜਸਟਿਸ ਨਿਰਮਲ ਸਿੰਘ ਸਾਬਕਾ ਵਿਧਾਇਕ, ਸਰਵਣ ਸਿੰਘ ਫਿਲੌਰ ਸਾਬਕਾ ਮੰਤਰੀ, ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਵਿਧਾਇਕ, ਸੁਖਦੇਵ ਸਿੰਘ ਸਰਾਓ, ਮਨਜੀਤ ਸਿੰਘ ਦਸੂਹਾ, ਸੁਖਵਿੰਦਰ ਸਿੰਘ ਔਲਖ ਸਾਬਕਾ ਵਿਧਾਇਕ, ਪ੍ਰਕਾਸ਼ ਚੰਦ ਗਰਗ, ਸ਼੍ਰੋਮਣੀ ਕਮੇਟੀ ਮੈਂਬਰਾਂ ਵਿਚ ਜਸਵੰਤ ਸਿੰਘ ਪੁੜੈਣ, ਰਾਮਪਾਲ ਸਿੰਘ ਬਹਿਣੀਵਾਲ, ਮਨਜੀਤ ਸਿੰਘ ਬਧਿਆਣਾ, ਮਲਕੀਤ ਸਿੰਘ ਚੰਗਾਲ, ਬਲਦੇਵ ਸਿੰਘ ਚੁੰਘਾਂ ਅਤੇ ਹਰਦੇਵ ਸਿੰਘ ਰੋਂਗਲਾ, ਗੁਰਬਚਨ ਸਿੰਘ ਬਚੀ ਸਾਬਕਾ ਏ ਐਮ, ਅਜੀਤ ਸਿੰਘ ਚੰਦੂਰਾਈਆਂ ਸਾਬਕਾ ਸੂਚਨਾ ਕਮਿਸ਼ਨਰ, ਮੁਹੰਮਦ ਤੁਫੈਲ ਮਾਲੇਰਕੋਟਲਾ, ਸਰਬਜੀਤ ਸਿੰਘ ਡੁਮਵਾਲੀ, ਸਤਗੁਰ ਸਿੰਘ ਨਮੋਲਾ ਜ਼ਿਲ੍ਹਾ ਪ੍ਰਧਾਨ, ਜਥੇਦਾਰ ਪ੍ਰਿਤਪਾਲ ਸਿੰਘ ਗੰਢਾ ਜ਼ਿਲ੍ਹਾ ਪ੍ਰਧਾਨ, ਸੁਖਦੇਵ ਸਿੰਘ ਚੱਕ, ਜਸਵਿੰਦਰ ਸਿੰਘ ਪ੍ਰਿੰਸ ਪ੍ਰਧਾਨ ਵਪਾਰ ਮੰਡਲ, ਹਰਵੇਲ ਸਿੰਘ ਮਾਧੋਪੁਰ, ਭੁਪਿੰਰ ਸਿੰਘ ਬਜਰੂੜ ਜ਼ਿਲ੍ਹਾ ਪ੍ਰਧਾਨ ਰੋਪੜ, ਅਵਤਾਰ ਸਿੰਘ ਜੌਹਲ ਹੁਸ਼ਿਆਰਪੁਰ, ਹਰਪ੍ਰੀਤ ਸਿੰਘ ਪੰਨੂ, ਰਮਿੰਦਰ ਸਿੰਘ ਰੰਮੀ ਬਰਨਾਲਾ, ਐਡਵੋਕੇਟ ਗੁਰਵਿੰਦਰ ਸਿੰਘ ਗਿੰਦੀ, ਕਰਮਵੀਰ ਸਿੰਘ ਪੰਨੂ ਜ਼ਿਲ੍ਹਾ ਪ੍ਰਧਾਨ, ਰਣਧੀਰ ਸਿੰਘ ਰੱਖੜਾ ਜ਼ਿਲ੍ਹਾ ਪ੍ਰਧਾਨ, ਤੇਜਿੰਦਰਪਾਲ ਸਿੰਘ ਸੰਧੂ ਸਾਬਕਾ ਚੇਅਰਮੈਨ, ਅਮਰਿੰਦਰ ਸਿੰਘ ਮੰਡੀਆਂ, ਰਵਿੰਦਰ ਸਿੰਘ ਸ਼ਾਹਪੁਰ, ਗੁਰਚਰਨ ਸਿੰਘ ਨਾਨੋਕੀ, ਰਣਜੀਤ ਸਿੰਘ ਦਬੜੀਖਾਨਾ, ਜਗਤਾਰ ਸਿੰਘ ਰਾਜੇਆਣਾ ਜ਼ਿਲ੍ਹਾ ਪ੍ਰਧਾਨ ਮੋਗਾ, ਜਸਵੀਰ ਸਿੰਘ ਦਿਓਲ, ਭੀਮ ਸੈਨ, ਗੁਰਦੀਪ ਸਿੰਘ ਮਕਰੋੜ, ਜੈਪਾਲ ਸੈਣੀ, ਗੁਰਮੀਤ ਸਿੰਘ ਜੌਹਲ, ਰੂਪ ਸਿੰਘ ਸ਼ੇਰੋਂ, ਰਾਕੇਸ਼ ਬਨਾਰਸੀ, ਮਨਿੰਦਰਪਾਲ ਸਿੰਘ ਬਰਾੜ, ਕ੍ਰਿਸ਼ਨ ਬੰਗਾ, ਮਨਸ਼ਾਂ, ਗੁਰਚਰਨ ਸਿੰਘ ਚੰਨਾ, ਗਗਨ ਬਾਦਲਗੜ੍ਹ, ਭੀਮ ਪ੍ਰਧਾਨ ਮੂਣਕ, ਰਾਮ ਨਿਵਾਸ ਸਾਬਕਾ ਚੇਅਰਮੈਨ, ਪ੍ਰਕਾਸ਼ ਸਲਾਣਾ, ਬਿੱਟੂ ਮੂਣਕ, ਧਰਮਪਾਲ ਸਿੰਘ ਧਰਮੂ, ਕੁਲਦੀਪ ਸਿੰਘ ਬੁੱਗਰ, ਅਮਨਵੀਰ ਸਿੰਘ ਚੈਰੀ, ਰੂਬਲ ਗਿੱਲ, ਅਜੀਤ ਸਿੰਘ ਕੁਤਬਾ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਬਾਠ, ਮਨੀਸ਼ ਬਰਨਾਲਾ, ਯਾਦਵਿੰਦਰ ਸਿੰਘ ਨਿਰਮਾਣ, ਦਵਿੰਦਰ ਸਿੰਘ ਸੋਢੀ, ਸੁਖਵਿੰਦਰ ਸਿੰਘ ਡਿੰਪੀ ਦਾਤੇਵਾਸ, ਤਰਸੇਮ ਸਿੰਘ ਨਾਗਰਾ, ਰਵਿੰਦਰ ਸਿੰਘ ਰੰਮੀ, ਹਰਪ੍ਰੀਤ ਸਿੰਘ ਢੀਂਡਸਾ, ਵਿਜੇਲੋਕੇਸ਼ ਸੰਗਰੂਰ, ਸੰਦੀਪ ਦਾਨੀਆ, ਗੋਪਾਲ ਸ਼ਰਮਾ, ਕ੍ਰਿਸ਼ਨ ਬੰਗਾ, ਚਮਕੌਰ ਸਿੰਘ ਬਾਦਲਗੜ੍ਹ ਅਤੇ ਰਾਕੇਸ਼ ਬਨਾਰਸੀ ਵੀ ਅਕਾਲੀ ਦਲ ਵਿਚ ਸ਼ਾਮਲ ਹੋਏ।