ਮੁਕੇਰੀਆਂ ,17 ਜਨਵਰੀ : ਜਲੰਧਰ-ਪਠਾਨਕੋਟ ਹਾਈਵੇ ‘ਤੇ ਮੁਕੇਰੀਆਂ ਦੇ ਪਿੰਡ ਈਮਾ ਮਾਂਗਟ ਨੇੜੇ ਅੱਜ ਬੁੱਧਵਾਰ ਸਵੇਰੇ ਪੰਜਾਬ ਪੁਲਿਸ ਦੀ ਬੱਸ ਨਾਲ ਭਿਆਨਕ ਹਾਦਸਾ ਵਾਪਰ ਗਿਆ। ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਜਾ ਰਹੀ ਬੱਸ ਸੜਕ ਕੰਢੇ ਖੜ੍ਹੇ ਟਰਾਲੇ ‘ਚ ਜਾ ਵੱਜੀ, ਇਸ ਹਾਦਸੇ ਵਿੱਚ ਇਕ ਮਹਿਲਾ ਮੁਲਾਜ਼ਮ ਸਮੇਤ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਤੇ 15 ਹੋਰ ਜ਼ਖ਼ਮੀ ਹੋ ਗਏ, ਇਨ੍ਹਾਂ 'ਚੋਂ ਕਈ ਪੁਲਸ ਮੁਲਾਜ਼ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖਮੀ ਕਰਮਚਾਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਮੁਲਾਜ਼ਮਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਰਖਵਾਇਆ ਗਿਆ ਹੈ। ਇਹ ਹਾਦਸਾ ਸਵੇਰੇ ਕਰੀਬ 6:30 ਵਜੇ ਵਾਪਰਿਆ। ਜਾਣਕਾਰੀ ਮੁਤਾਬਕ ਜਲੰਧਰ ਸਥਿਤ ਪੰਜਾਬ ਆਰਮਡ ਪੁਲਸ (ਪੀ.ਏ.ਪੀ.) ਕੰਪਲੈਕਸ ਦੇ ਕਰਮਚਾਰੀ ਗੁਰਦਾਸਪੁਰ ‘ਚ ਕਾਨੂੰਨ ਵਿਵਸਥਾ ਦੀ ਡਿਊਟੀ ‘ਤੇ ਜਾ ਰਹੇ ਸਨ। ਮੁਕੇਰੀਆਂ ਵਿੱਚ ਬੱਸ ਸਟੈਂਡ ਨੇੜੇ ਸੰਘਣੀ ਧੁੰਦ ਕਾਰਨ ਪੁਲੀਸ ਦੀ ਬੱਸ ਹਾਈਵੇਅ ’ਤੇ ਖੜ੍ਹੇ ਟਰਾਲੇ ਵਿੱਚ ਜਾ ਵੱਜੀ। ਬੱਸ ਵਿੱਚ ਮੌਜੂਦ ਪੁਲਸ ਮੁਲਾਜ਼ਮ ਏਐਸਆਈ ਜਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਕਰੀਬ 6 ਵਜੇ ਪੀਏਪੀ ਤੋਂ ਗੁਰਦਾਸਪੁਰ ਲਈ ਰਵਾਨਾ ਹੋਏ ਸਨ। ਬੱਸ ਵਿੱਚ 40 ਤੋਂ ਵੱਧ ਮੁਲਾਜ਼ਮ ਮੌਜੂਦ ਸਨ। ਹਾਦਸੇ ਵਿੱਚ ਮਰਨ ਵਾਲੇ ਸਾਰੇ ਮੁਲਾਜ਼ਮ ਬੱਸ ਦੇ ਅਗਲੇ ਹਿੱਸੇ ਵਿੱਚ ਬੈਠੇ ਸਨ।
ਮੁੱਖ ਮੰਤਰੀ ਨੇ ਸੜਕ ਹਾਦਸੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਮੌਤ ‘ਤੇ ਦੁੱਖ ਪ੍ਰਗਟਾਇਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੜਕ ਹਾਦਸੇ ਵਿੱਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨੂੰ ਦੋ-ਦੋ ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇੱਥੇ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੜਕ ਹਾਦਸੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਜਾਨ ਜਾਣੀ ਮੰਦਭਾਗੀ ਗੱਲ ਹੈ ਅਤੇ ਇਹ ਸੂਬੇ ਲਈ ਤੇ ਪੀੜਤ ਪਰਿਵਾਰਾਂ ਲਈ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਕਿਹਾ ਕਿ ਇਸ ਸਹਾਇਤਾ ਰਾਸ਼ੀ ਵਿੱਚੋਂ ਵਿੱਚੋਂ ਇਕ-ਇਕ ਕਰੋੜ ਰੁਪਏ ਸੂਬਾ ਸਰਕਾਰ ਵੱਲੋਂ ਐਕਸ-ਗ੍ਰੇਸ਼ੀਆ ਵਜੋਂ ਦਿੱਤੇ ਜਾਣਗੇ, ਜਦੋਂ ਕਿ ਇਕ-ਇਕ ਕਰੋੜ ਰੁਪਏ ਦੇ ਬੀਮੇ ਦੀ ਅਦਾਇਗੀ ਐਚ.ਡੀ.ਐਫ.ਸੀ. ਬੈਂਕ ਵੱਲੋਂ ਕੀਤੀ ਜਾਵੇਗੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ, ਸੂਬਾ ਸਰਕਾਰ ਦੀ ਸੈਨਿਕਾਂ (ਹਥਿਆਰਬੰਦ ਬਲਾਂ, ਅਰਧ ਸੈਨਿਕ ਬਲਾਂ ਅਤੇ ਪੁਲਿਸ ਮੁਲਾਜ਼ਮਾਂ) ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਯਕੀਨੀ ਬਣਾਉਣ ਦੀ ਵਚਨਬੱਧਤਾ ਦੇ ਮੁਤਾਬਕ ਹੈ।