ਨਾਭਾ : ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਈ ਵੱਡੇ ਦਾਅਵੇ ਕੀਤੇ ਹਨ। ਉਹ ਸੋਮਵਾਰ ਨੂੰ ਕਿਸੇ ਨਿੱਜੀ ਸਮਾਗਮ 'ਚ ਸ਼ਮੂਲੀਅਤ ਕਰਨ ਲਈ ਨਾਭਾ ਪਹੁੰਚੇ ਸਨ। ਇਸ ਦੌਰਾਨ ਹਲਕਾ ਨਾਭਾ ਤੋਂ ਵਿਧਾਇਕ ਦੇਵ ਮਾਨ ਵੀ ਉਨਾਂ੍ਹ ਦੇ ਨਾਲ ਸਨ। ਹਲਕਾ ਨਾਭਾ ਤੋਂ ਵਿਧਾਇਕ ਦੇਵ ਮਾਨ ਦੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਪੰਜਾਬ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ ਅਤੇ ਸਰਕਾਰ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਦਿਵਾਏਗੀ। ਉਨਾਂ੍ਹ ਕਿਹਾ ਕਿ ਸਰਕਾਰ ਅਤੇ ਪੁਲਿਸ ਨੇ ਕਾਤਲਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਸਿਰਫ਼ ਮਾਨਯੋਗ ਅਦਾਲਤ ਵਲੋਂ ਉਨਾਂ੍ਹ ਨੂੰ ਸਜ਼ਾਵਾਂ ਦੇਣੀਆਂ ਬਾਕੀ ਰਹਿ ਗਿਆ ਹੈ। ਉਨਾਂ੍ਹ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੀਆਂ ਭਾਵਨਾਵਾਂ ਦੀ ਉਹ ਕਦਰ ਕਰਦੇ ਹਨ ਪਰ ਵਿਸ਼ਵਾਸ ਦਿਵਾਉਂਦੇ ਹਨ ਕਿ ਕਾਤਲਾਂ ਨੂੰ ਸਖ਼ਤ ਸਜ਼ਾ ਮਿਲੇਗੀ। ਪੰਜਾਬ 'ਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਦੇ ਸਵਾਲ 'ਤੇ ਉਨਾਂ੍ਹ ਕਿਹਾ ਕਿ ਆਮ ਆਦਮੀ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਵਾਂਗੂ ਪੰਜਾਬ ਨੂੰ ਨਸ਼ਾਮੁਕਤ ਕਰਨ ਲਈ ਸਹੁੰ ਨਹੀਂ ਖਾਧੀ ਪਰ ਪੰਜਾਬ ਸਰਕਾਰ ਵਲੋਂ ਨਸ਼ਾ ਮੁਕਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਕਦੋਂ ਨਸ਼ਾ ਮੁਕਤ ਹੋਵੇਗਾ ਸਵਾਲ 'ਤੇ ਉਨਾਂ੍ਹ ਕਿਹਾ ਕਿ ਨਸ਼ਿਆਂ ਨੂੰ ਖਤਮ ਕਰਨ ਲਈ ਹਾਲੇ ਹੋਰ ਸਮਾਂ ਲੱਗੇਗਾ। ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਸਵਾਲ 'ਤੇ ਉਨਾਂ੍ਹ ਕਿਹਾ ਕਿ ਇਹ ਮਸਲਾ ਕਾਫ਼ੀ ਗੁੰਝਲਦਾਰ ਬਣ ਚੁੱਕਾ ਹੈ, ਪੰਜਾਬ ਸਰਕਾਰ ਨੇ ਐੱਸਆਈਟੀ ਬਣਾਈ ਹੈ ਪਰ ਲੋਕਾਂ ਨੂੰ ਹਾਲੇ ਸਬਰ ਕਰਨਾ ਪਵੇਗਾ। ਨਾਭਾ ਆਮ ਆਦਮੀ ਪਾਰਟੀ ਦੇ ਦਫ਼ਤਰ ਪਹੁੰਚਣ 'ਤੇ ਵਿਧਾਇਕ ਦੇਵ ਮਾਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਸਨਮਾਨ ਕੀਤਾ। ਅਮਨ ਅਰੋੜਾ ਨੇ ਕੁਝ ਸਮੇਂ ਬਾਅਦ ਨਾਭਾ ਪਹੁੰਚੇ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਵਿਧਾਇਕ ਦੇਵ ਮਾਨ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ 'ਚ ਵਰਕਰ ਮੌਜੂਦ ਸਨ।