ਚੰਡੀਗੜ੍ਹ, 15 ਦਸੰਬਰ : ਪੰਜਾਬ ਸਰਕਾਰ ਨੇ ਗਰਾਮ ਪੰਚਾਇਤਾਂ ਦੀਆਂ ਚੋਣਾਂ ਕਰਾਉਣ ਸਬੰਧੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਗਰਾਮ ਪੰਚਾਇਤਾਂ ਭੰਗ ਕਰਕੇ ਪ੍ਰਬੰਧਕ ਲਗਾਉਣ ਲਈ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਸਾਰੀਆਂ ਪੰਚਾਇਤਾਂ ਨੂੰ ਭੰਗ ਕਰਕੇ ਉਨ੍ਹਾਂ ਵਿਚ ਪ੍ਰਸ਼ਾਸਕ ਲਾਉਣ ਦਾ ਆਦੇਸ਼ ਜਾਰੀ ਕਰਨ ਦੀ ਬਜਾਏ ਕਿਹਾ ਹੈ ਕਿ ਜਿਸ ਪੰਚਾਇਤ ਦੀ ਪਹਿਲੀ ਬੈਠਕ ਨੂੰ ਪੰਜ ਸਾਲ ਹੋ ਗਏ ਹਨ, ਉਨ੍ਹਾਂ ਦੀ ਸੂਚਨਾ 16 ਜਨਵਰੀ ਕੱਲ੍ਹ ਮੰਗਲਵਾਰ ਤਕ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਵਿਚ ਪ੍ਰਸ਼ਾਸਕ ਲਾਏ ਜਾ ਸਕਣ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਸੰਯੁਕਤ ਡਾਇਰੈਕਟਰ ਵੱਲੋਂ ਜਾਰੀ ਪੱਤਰ 'ਚ ਕਿਹਾ ਗਿਆ ਹੈ ਕਿ ਸੂਬੇ 'ਚ ਆਮ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਲਈ ਉਨ੍ਹਾਂ ਪੰਚਾਇਤਾਂ ਦੀ ਸੂਚੀ ਭੇਜੀ ਜਾਵੇ ਜਿਨ੍ਹਾਂ ਦਾ ਕਾਰਜਕਾਲ ਪੰਜ ਸਾਲ (ਪਹਿਲੀ ਮੀਟਿੰਗ ਤੋਂ ਲੈ ਕੇ) ਪੂਰਾ ਹੋ ਚੁੱਕਾ ਹੈ। ਪੱਤਰ 'ਚ ਮੋਟੇ ਅੱਖਰਾਂ 'ਚ ਇਹ ਲਾਈਨ ਲਿਖੀ ਗਈ ਹੈ ਕਿ ਅਧਿਕਾਰੀ ਸੂਚਨਾ ਭੇਜਣ ਸਮੇਂ ਇਹ ਯਕੀਨੀ ਬਣਾਉਣ ਕਿ ਸਬੰਧਤ ਪੰਚਾਇਤ ਦੀ ਪਹਿਲੀ ਮੀਟਿੰਗ ਤੋਂ ਪੰਜ ਸਾਲ ਬੀਤ ਚੁੱਕੇ ਹਨ। ਪੱਤਰ ਵਿੱਚ ਉਨ੍ਹਾਂ ਨੂੰ ਮੀਟਿੰਗ ਦੀ ਤਰੀਕ ਦੇਣ ਲਈ ਵੀ ਕਿਹਾ ਗਿਆ ਹੈ। ਇਹ ਪੱਤਰ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਅਗਸਤ 2023 'ਚ ਸਰਕਾਰ ਨੇ ਪਹਿਲਾਂ ਸਾਰੀਆਂ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਸੀ ਪਰ ਜਦੋਂ ਇਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਤਾਂ ਵਿਭਾਗ ਨੇ ਆਪਣਾ ਪੱਤਰ ਵਾਪਸ ਲੈ ਲਿਆ। ਇਸ ਨਾਲ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।