ਪ੍ਰਦੀਪ ਕਲੇਰ ਦਾ ਬਿਆਨ - ‘ਰਾਮ ਰਹੀਮ ਤੇ ਹਨੀਪ੍ਰੀਤ ਦੇ ਇਸ਼ਾਰੇ ‘ਤੇ ਹੋਈ ਸੀ ਬੇਅਦਬੀ’, ਡੇਰਾ ਸਿਰਸਾ ਵੱਲੋਂ ਬੇਅਦਬੀ ਮਾਮਲੇ ’ਚ ਸਫਾਈ

ਚੰਡੀਗੜ੍ਹ, 16 ਮਾਰਚ : ਬੇਅਦਬੀ ਮਾਮਲਿਆਂ ਦੇ ਮੁੱਖ ਮੁਲਜ਼ਮ ਪਰਦੀਪ ਕਲੇਰ ਨੇ ਸੌਦਾ ਸਾਧ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਫਰੀਦਕੋਟ ਜ਼ਿਲ੍ਹੇ ਵਿਚ 2015 ਨੂੰ ਵਾਪਰੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਸਾਜ਼ਿਸ਼ਕਰਤਾਵਾਂ ਵਿਚੋਂ ਇਕ ਵਜੋਂ ਨਾਮਜ਼ਦ ਕੀਤਾ ਹੈ। SIT ਨੇ ਭਗੌੜੇ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ਵੱਲੋਂ ਦਰਜ ਕਰਵਾਏ ਬਿਆਨਾਂ ਤੋਂ ਬਾਅਦ ਇਸ ਮਾਮਲੇ ਵਿੱਚ ਨਾਮਜ਼ਦ ਡੇਰੇ ਨਾਲ ਹਨੀਪ੍ਰੀਤ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪ੍ਰਦੀਪ ਕਲੇਰ ਨੇ 26 ਫਰਵਰੀ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ 164 ਬਿਆਨ ਦਿੱਤੇ ਸਨ। ਜਿਸ ‘ਚ ਕਿਹਾ ਗਿਆ ਸੀ ਕਿ ਬੇਅਦਬੀ ਦੀ ਘਟਨਾ ਨੂੰ ਕਥਿਤ ਤੌਰ ‘ਤੇ ਡੇਰਾ ਮੁਖੀ ਅਤੇ ਹਨੀਪ੍ਰੀਤ ਦੇ ਇਸ਼ਾਰੇ ‘ਤੇ ਅੰਜਾਮ ਦਿੱਤਾ ਗਿਆ ਸੀ। ਫਿਲਹਾਲ ਇਸ ਮਾਮਲੇ ਦੀ ਸੁਣਵਾਈ ਚੰਡੀਗੜ੍ਹ ਦੀ ਅਦਾਲਤ ਵਿੱਚ ਚੱਲ ਰਹੀ ਹੈ। ਹਾਲਾਂਕਿ ਹਾਲ ਹੀ ‘ਚ ਹਾਈ ਕੋਰਟ ਨੇ ਬਾਬੇ ਦੇ ਕੇਸ ਦੀ ਪ੍ਰਸੀਡਿੰਗ ‘ਤੇ ਰੋਕ ਲਗਾ ਦਿੱਤੀ ਸੀ। ਵਰਨਣਯੋਗ ਹੈ ਕਿ 12 ਅਕਤੂਬਰ 2015 ਨੂੰ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਅਤੇ ਇਸ ਮਾਮਲੇ ਵਿੱਚ 7 ​​ਜੁਲਾਈ 2020 ਨੂੰ ਐਸਆਈਟੀ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁੱਖ ਸਾਜ਼ਿਸ਼ਕਰਤਾ ਵਜੋਂ ਨਾਮਜ਼ਦ ਕੀਤਾ ਸੀ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ ਦੀ ਕੌਮੀ ਕਮੇਟੀ ਦੇ ਤਿੰਨ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ। ਉਪਰੋਕਤ ਤਿੰਨੇ ਮੈਂਬਰ ਉਦੋਂ ਤੋਂ ਭਗੌੜੇ ਸਨ ਪਰ 9 ਫਰਵਰੀ ਨੂੰ ਪ੍ਰਦੀਪ ਕਲੇਰ ਨੂੰ ਐਸਆਈਟੀ ਅਤੇ ਪੰਜਾਬ ਪੁਲਿਸ ਨੇ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਐਸਆਈਟੀ ਪ੍ਰਦੀਪ ਕਲੇਰ ਦਾ ਰਿਮਾਂਡ ਲੈ ਕੇ ਇਸ ਮਾਮਲੇ ਵਿੱਚ ਲਗਾਤਾਰ ਪੁੱਛਗਿੱਛ ਕਰ ਰਹੀ ਹੈ ਅਤੇ ਇਸੇ ਪੁੱਛਗਿੱਛ ਦੌਰਾਨ ਪ੍ਰਦੀਪ ਕਲੇਰ ਵੱਲੋਂ ਦਰਜ ਕਰਵਾਏ ਬਿਆਨਾਂ ਵਿੱਚ ਉਸ ਨੇ ਕਿਹਾ ਹੈ ਕਿ ਬੇਅਦਬੀ ਕਾਂਡ ਨੂੰ ਡੇਰਾ ਮੁਖੀ ਅਤੇ ਹਨੀਪ੍ਰੀਤ ਦੇ ਇਸ਼ਾਰੇ ‘ਤੇ ਅੰਜਾਮ ਦਿੱਤਾ ਗਿਆ ਸੀ। ਜਿਸ ਕਾਰਨ ਡੇਰਾ ਮੁਖੀ ਦੀਆਂ ਮੁਸ਼ਕਲਾਂ ਇੱਕ ਵਾਰ ਫਿਰ ਵਧ ਸਕਦੀਆਂ ਹਨ। ਇਸ ਮਾਮਲੇ ਵਿੱਚ ਪ੍ਰਦੀਪ ਕਲੇਰ ਵੱਲੋਂ ਦਿੱਤੇ ਬਿਆਨਾਂ ਅਨੁਸਾਰ ਉਹ 1987 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅਤੇ ਡੇਰਾ ਮੁਖੀ ਵੱਲੋਂ ਉਸ ਨੂੰ ਡੇਰੇ ਦੇ ਸਿਆਸੀ ਵਿੰਗ ਦਾ ਕੌਮੀ ਪ੍ਰਧਾਨ ਬਣਾਇਆ ਗਿਆ ਸੀ। ਉਸ ਦਾ ਕੰਮ ਸਿਆਸਤਦਾਨਾਂ ਨੂੰ ਮਿਲਣਾ ਸੀ। ਬਿਆਨਾਂ ਅਨੁਸਾਰ ਮਾਰਚ ਜਾਂ ਅਪ੍ਰੈਲ 2015 ਵਿੱਚ ਉਸ ਨੇ ਕਿਸੇ ਕੰਮ ਲਈ ਦਿੱਲੀ ਜਾਣਾ ਸੀ। ਇਸ ਦੌਰਾਨ ਬਾਬਾ ਨੇ ਉਸ ਨੂੰ ਬੁਲਾਇਆ। ਜਿੱਥੇ ਰਾਮ ਰਹੀਮ, ਹਨੀਪ੍ਰੀਤ, ਰਾਕੇਸ਼ ਕੁਮਾਰ ਉਰਫ ਰਾਕੇਸ਼ ਦਿੜਬਾ, ਸੰਦੀਪ ਬਰੇਟਾ, ਹਰਸ਼ ਧੂਰੀ, ਮਹਿੰਦਰਪਾਲ ਬਿੱਟੂ ਕੋਟਕਪੂਰਾ, ਗੁਲਾਬ ਉਰਫ ਗੁਲਾਬੂ, ਗੁਰਲੀਨ ਉਰਫ ਰਾਕੇਸ਼ ਕੁਮਾਰ ਮੌਜੂਦ ਸਨ। ਇਸ ਸਬੰਧੀ ਗੱਲਬਾਤ ਕਰਦਿਆਂ ਡੇਰਾ ਪ੍ਰੇਮੀਆਂ ਦੇ ਕੇਸਾਂ ਦੀ ਪੈਰਵੀ ਕਰ ਰਹੇ ਵਕੀਲ ਕੇਵਲ ਬਰਾੜ ਨੇ ਇਸ ਨੂੰ ਸਿਆਸੀ ਚਾਲ ਕਰਾਰ ਦਿੰਦਿਆਂ ਕਿਹਾ ਕਿ ਐਸ.ਆਈ.ਟੀ ਸਿਆਸੀ ਦਬਾਅ ਕਾਰਨ ਝੂਠੀਆਂ ਕਹਾਣੀਆਂ ਘੜ ਰਹੀ ਹੈ। ਇਸ ਤੋਂ ਇਲਾਵਾ ਮਹਿੰਦਰਪਾਲ ਬਿੱਟੂ ਨੇ ਡਾਇਰੀ ਨੋਟ ਲਿਖਵਾਈ ਸੀ। ਜਿਸ ਦੇ ਆਧਾਰ ‘ਤੇ ਹਾਈਕੋਰਟ ਨੇ SIT ਨੂੰ ਜਾਂਚ ਦੇ ਹੁਕਮ ਦਿੱਤੇ ਹਨ। ਇਸ ਤੋਂ ਬਚਣ ਲਈ ਉਨ੍ਹਾਂ ਵੱਲੋਂ ਇਹ ਕਹਾਣੀ ਘੜੀ ਜਾ ਰਹੀ ਹੈ। 


ਪ੍ਰਦੀਪ ਕਲੇਰ ਦੇ ਬਿਆਨ 'ਤੇ ਡੇਰਾ ਸਿਰਸਾ ਵੱਲੋਂ ਬੇਅਦਬੀ ਮਾਮਲੇ ’ਚ ਸਫਾਈ
ਡੇਰਾ ਸੱਚਾ ਸੌਦਾ ਸਿਰਸਾ ਨੇ ਬਰਗਾੜੀ ਬੇਅਦਬੀ ਮਾਮਲੇ ’ਚ ਮੀਡੀਆ ਰਾਹੀਂ ਸਾਹਮਣੇ ਆਏ ਕੁੱਝ ਤੱਥਾਂ ਤੋਂ ਬਾਅਦ ਅੱਜ ਆਪਣਾ ਪੱਖ ਰੱਖਿਆ ਹੈ। ਡੇਰੇ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਨੇ ਅੱਜ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਪ੍ਰਦੀਪ ਕਲੇਰ ਨਾਮਿਕ ਵਿਅਕਤੀ ਵੱਲੋਂ ਇਸ ਮਾਮਲੇ ’ਚ ਡੇਰਾ ਮੁਖੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਅਤੇ ਹਨੀਪ੍ਰੀਤ ਇੰਸਾਂ ਦੀ ਸ਼ਮੂਲੀਅਤ ਬਾਰੇ ਦਿੱਤੇ ਬਿਆਨ ਜਿਸ ਤਰਾਂ ਮੀਡੀਆ ’ਚ ਦੱਸਿਆ ਜਾ ਰਿਹਾ ਹੈ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਹੈ। ਐਡਵੋਕੇਟ ਖੁਰਾਣਾ ਨੇ ਕਿਹਾ ਕਿ  ਅਜਿਹਾ ਕਿਸੇ  ਸਾਜਿਸ਼ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਡੇਰਾ ਮੁਖੀ, ਹਨੀਪ੍ਰੀਤ ਇੰਸਾਂ ਅਤੇ ਡੇਰੇ ਦੀ ਪ੍ਰਬੰਧਕੀ ਕਮੇਟੀ ਦੇ ਕਿਸੇ ਵੀ ਮੈਂਬਰ ਦਾ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ’ਚ ਕੋਈ ਹੱਥ ਨਹੀਂ ਹੈ। ਉਨ੍ਹਾਂ ਕਿਹਾ ਕਿ  ਡੇਰਾ ਸੱਚਾ ਸੌਦਾ ਤੇ ਡੇਰਾ ਸਿਰਸਾ ਮੁਖੀ ਵੱਲੋਂ ਹਮੇਸ਼ਾ ਸਾਰੇ ਧਰਮਾਂ ਦਾ ਸਨਮਾਨ ਕੀਤਾ ਜਾਂਦਾ ਹੈ ਅਤੇ ਅਜਿਹਾ ਕਰਨਾ ਤਾਂ ਦੂਰ ਉਹ ਇਸ ਬਾਰੇ ਸੋਚ ਵੀ ਨਹੀਂ ਸਕਦੇ ਹਨ।  ਉਨ੍ਹਾਂ ਕਿਹਾ ਕਿ ਏਦਾਂ ਦੇ ਝੂਠੇ ਬਿਆਨ ਪਹਿਲੀ ਵਾਰ ਦਰਜ਼  ਨਹੀਂ ਕਰਵਾਏ ਬਲਕਿ ਇਸ ਤੋਂ ਪਹਿਲਾਂ ਵੀ ਐਸਆਈਟੀ ਨੇ ਧਾਰਾ 164 ਤਹਿਤ ਮਹਿੰਦਰਪਾਲ ਬਿੱਟੂ ਦੇ ਬਿਆਨ ਵੀ ਦਰਜ ਹੋਏ ਸਨ  ਜੋ ਸੀਬੀਆਈ ਜਾਂਚ ’ਚ ਬਿਲਕੁਲ ਝੂਠੇ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਸੀਬੀਆਈ ਨੇ 4 ਸਾਲ ਲਗਾਤਰ ਇਸ ਕੇਸ ਦੀ ਪੂਰੀ ਗੰਭੀਰਤਾ ਤੇ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਸੀ ਜਿਸ ’ਚ ਲਿਖਾਈ ਮਾਹਿਰ , ਪੌਲੀਗ੍ਰਾਫਿਕ ਟੈਸਟ, ਡੰਪ ਡਾਟਾ, ਮੋਬਾਇਲ ਸੀਡੀਆਰ ਆਦਿ ਤੇ ਹੋਰ ਸਾਰੇ ਤੱਥਾਂ ਦੀ ਜਾਂਚ ਕਰਕੇ ਇਸ ਕੇਸ ਨੂੰ ਰੱਦ ਕਰਨ ਲਈ ਮੋਹਾਲੀ ਸੀਬੀਆਈ ਅਦਾਲਤ ’ਚ ਕਲੋਜ਼ਰ ਰਿਪੋਰਟ ਦਾਖਲ ਕੀਤੀ ਸੀ। ਸੀਬੀਆਈ ਨੇ ਅਦਾਲਤ ਨੂੰ ਦੱਸਿਆ ਸੀ ਕਿ ਇਸ ਮਾਮਲੇ ’ਚ  ਡੇਰਾ ਸੱਚਾ ਸੌਦਾ ਦੇ ਕਿਸੇ ਵੀ ਮੈਂਬਰ ਅਤੇ ਡੇਰਾ ਮੁਖੀ ਦੀ ਕਿਸੇ ਕਿਸਮ ਦੀ ਕੋਈ ਭੂਮਿਕਾ ਨਹੀਂ ਹੈ। ਐਡਵੋਕੇਟ ਖੁਰਾਣਾ ਨੇ ਪ੍ਰੈਸ ਬਿਆਨ ਵਿੱਚ ਦਾਅਵਾ ਕੀਤਾ ਕਿ ਸੀਬੀਆਈ ਨੇ ਅਦਾਲਤ ’ਚ ਇਹ ਵੀ ਸਪੱਸ਼ਟ ਕੀਤਾ ਸੀ ਕਿ ਮਹਿੰਦਰਪਾਲ ਬਿੱਟੂ ਤੇ ਤਸ਼ੱਦਦ ਕਰਕੇ ਧਾਰਾ 164 ਦੇ ਝੂਠੇ ਬਿਆਨ ਹਾਸਲ ਕੀਤੇ ਸਨ। ਉਨ੍ਹਾਂ ਕਿਹਾ ਕਿ ਜਦੋਂ ਐਸਆਈਟੀ ਨੂੰ  ਸੀਬੀਆਈ ਦੀ ਕਲੋਜ਼ਰ ਰਿਪੋਰਟ ਆਉਣ ਪਤਾ ਲੱਗਿਆ ਤਾਂ ਇਹ ਜਾਂਚ ਸੀਬੀਆਈ ਤੋਂ ਵਾਪਸ ਲੈ ਲਈ ਜੋ ਕਿ ਨਹੀਂ ਲਈ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦਿਆਂ ਡੇਰਾ ਸਿਰਸਾ ਮੁਖੀ ਨੇ ਪੰਜਾਬ ਅਤੇ ਹਰਿਆਦਾਂ ਹਾਈਕੋਰਟ ’ਚ ਅਰਜੀ ਦਾਖਲ ਕੀਤੀ ਸੀ ਜਿਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਫਰੀਦਕੋਟ ਅਦਾਲਤ ’ਚ ਚੱਲ ਰਹੀ ਸੁਣਵਾਈ ਤੇ ਰੋਕ ਲਾ ਦਿੱਤੀ ਹੈ।

01