ਚੰਡੀਗੜ੍ਹ : ਪੰਜਾਬ ਸਰਕਾਰ ਨੇ ਚੰਡੀਗੜ੍ਹ ਦੇ ਐਸਐਸਪੀ ਲਈ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੰਗਿਆ ਪੈਨਲ ਭੇਜ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਰਾਜਪਾਲ ਪੁਰੋਹਿਤ ਦੇ ਨਾਲ ਸਾਡੇ ਚੰਗੇ ਸਬੰਧ ਹਨ। ਪਰ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਹੈ। ਮੁੱਖ ਮੰਤਰੀ ਮਾਨ ਸਰਕਾਰ ਵੱਲੋਂ ਯੂਟੀ ਪ੍ਰਸ਼ਾਸਨ ਨੂੰ 3 ਨਾਵਾਂ ਦਾ ਇੱਕ ਪੈਨਲ ਭੇਜਿਆ ਗਿਆ ਹੈ। ਇਸ ਪੈਨਲ ਵਿੱਚ 2012 ਬੈਚ ਦੇ IPS ਸੰਦੀਪ ਗਰਗ, 2012 ਬੈਚ ਦੇ IPS ਅਖਿਲ ਚੌਧਰੀ ਅਤੇ 2013 ਬੈਚ ਦੀ IPS ਅਧਿਕਾਰੀ ਮੀਨਾ ਦੇ ਨਾਂ ਸ਼ਾਮਿਲ ਹਨ। ਹਾਲਾਂਕਿ ਇਸ ਤੋਂ ਪਹਿਲਾਂ ਪੈਨਲ ਵਿੱਚ IPS ਨਾਨਕ ਸਿੰਘ ਦੇ ਨਾਂ ਦੀ ਚਰਚਾ ਵੀ ਸੀ। ਹੁਣ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬੀਐੱਲ ਪੁਰੋਹਿਤ ਨੇ ਕਿਸੇ ਇੱਕ ਨਾਂ ‘ਤੇ ਫੈਸਲਾ ਲੈਣਾ ਹੈ। ਗੌਰਤਲਬ ਹੈ ਕਿ ਬੀਤੀ 12 ਦਸੰਬਰ ਨੂੰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਕੇਡਰ ਦੇ IPS, ਐਸਐਸਪੀ ਕੁਲਦੀਪ ਸਿੰਘ ਚਾਹਲ ਨੂੰ ਰਿਪੋਟ੍ਰੀਏਟ ਕਰ ਦਿੱਤਾ ਸੀ। ਚਾਹਲ ਨੂੰ ਖ਼ਮਿਸ ਕੰਡਕਟ ਦੇ ਦੋਸ਼ ਤਹਿਤ ਸੇਵਾ ਕਾਲ ਪੂਰਾ ਹੋਣ ਦੇ 10 ਮਹੀਨੇ ਪਹਿਲਾਂ ਹੀ ਰਿਪੋਟ੍ਰੀਏਟ ਕਰ ਦਿੱਤਾ ਗਿਆ ਹੈ। ਇਸ ‘ਤੇ ਪੰਜਾਬ ਸਰਕਾਰ ਵੱਲੋਂ ਇਤਰਾਜ਼ ਜਤਾਇਆ ਗਿਆ ਸੀ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਸਮੇਤ MHA ਨੂੰ ਪੱਤਰ ਵੀ ਲਿਖਿਆ ਸੀ। ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਸਰਕਾਰ ਦੇ ਵੱਡੇ ਫੈਸਲੇ ਫੋਨ ‘ਤੇ ਨਹੀਂ ਲਏ ਜਾਣੇ ਚਾਹੀਦੇ । ਉਨ੍ਹਾਂ ਕਿਹਾ ਹੈ ਕਿ ਅਜਿਹੇ ਫੈਸਲੇ ਸਹੀ ਕਮਿਊਨੀਕੇਸ਼ਨ ਰਾਹੀਂ ਲਏ ਜਾਣੇ ਚਾਹੀਦੇ ਹਨ।