ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਅੰਤਰ ਰਾਸ਼ਟਰੀ ਦਿਵਿਆਂਗ ਦਿਵਸ 3 ਦਸੰਬਰ ਨੂੰ ਮਲੋਟ (ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ) ਵਿਖੇ ਰਾਜ ਪੱਧਰੀ ਸਮਾਗਮ ਵਜੋਂ ਮਨਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਦੇ ਡਾਇਰੈਕਟਰ ਮਾਧਵੀ ਕਟਾਰੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 3 ਦਸੰਬਰ ਨੂੰ ਅੰਤਰ ਰਾਸਟਰੀ ਦਿਵਿਆਂਗ ਦਿਵਸ ਅਤੇ ਰਾਜ ਪੱਧਰੀ ਸਮਾਗਮ ਮਲੋਟ ਵਿਖੇ ਮਨਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਦਿਵਿਆਂਗ ਵਰਗ ਦਾ ਜੀਵਨ ਸਮਰੱਥ ਬਣਾਉਣ ਲਈ ਇਸੇ ਦਿਨ ਮਲੋਟ (ਸ੍ਰੀ ਮੁਕਤਸਰ ਸਾਹਿਬ), ਸੰਗਰੂਰ, ਮਾਨਸਾ ਅਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਬੈਂਕ ਕਰਜ਼ੇ ਮੁਹੱਈਆਂ ਕਰਵਾਉਣ ਸਬੰਧੀ ਕੈਂਪ ਵੀ ਲਗਾਉਣ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਦਿਵਿਆਂਗ ਵਿਅਕਤੀਆਂ ਦੀ ਭਲਾਈ ਲਈ ਵਚਨਬੱਧ ਹੈ। ਇਸ ਸਮਾਗਮ ਮੌਕੇ ਪੰਜਾਬ ਦੇ ਦਿਵਿਆਂਗਜਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਲੱਗਭੱਗ 18.63 ਲੱਖ ਰੁਪਏ ਦੇ 90 ਟ੍ਰਾਇਸਾਈਕਲ, 29 ਵ੍ਹੀਲਚੇਅਰ, 16 ਹੇਅਰਿੰਗ ਏਡਜ਼, 9 ਤੁਰਨ ਲਈ ਖੁੰਡੀਆਂ, 7 ਸਮਾਰਟ ਕੈਨ, ਸੇਰੇਬ੍ਰਲ ਪਾਲਸੀ ਚੇਅਰ ਅਤੇ 78 ਬੈਸਾਖੀਆਂ ਕੁੱਲ 158 ਲਾਭਪਾਤਰੀਆਂ ਨੂੰ ਮੁਹੱਈਆਂ ਕਰਵਾਈਆਂ ਜਾਣਗੀਆਂ। ਦਿਵਿਆਂਗ ਵਿਅਕਤੀਆਂ ਦੀ ਭਲਾਈ ਦੇ ਖੇਤਰ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ/ ਜਥੇਬੰਦੀਆਂ ਵੀ ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਣਗੀਆਂ।