ਨਾਭਾ, 03 ਜੁਲਾਈ : ਨਾਭਾ ਦੇ ਨੇੜਲੇ ਪਿੰਡ ਅਚੱਲ ਤੋਂ ਤੁੰਗਾ ਦੇ ਰਸਤੇ ਵਿੱਚ ਵਾਪਰੇ ਇੱਕ ਸੜਕ ਹਾਦਸੇ ਵਿੱਚ ਦੋ ਮਨਰੇਗਾ ਮਜ਼ੂਦਰਾਂ ਦੀ ਮੌਤ ਅਤੇ 9 ਮਜ਼ਦੂਰਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫਤਾਰ ਟਰੈਕਟਰ ਨੇ ਕੰਮ ਕਰਦੀਆਂ ਮਨਰੇਗਾ ਮਜ਼ਦੂਰਾਂ ਨੂੰ ਕੁਚਲ ਦਿੱਤਾ, ਹਾਦਸੇ ਤੋਂ ਬਾਅਦ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਹਿਚਾਣ ਜਰਨੈਲ ਕੌਰ ਅਤੇ ਦਰੋਪਦੀ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਟਰੈਕਟਰ ਨੂੰ ਇੱਕ ਪ੍ਰਵਾਸੀ ਮਜ਼ਦੂਰ ਚਲਾ ਰਿਹਾ ਸੀ,ਜਿਸ ਦੀ ਰਫ਼ਤਾਰ ਬਹੁਤ ਤੇਜ਼ ਸੀ। ਜਾਣਕਾਰੀ ਅਨੁਸਾਰ ਨਰੇਗਾ ਮਜ਼ਦੂਰ ਬੁੱਧਵਾਰ ਨੂੰ ਪਿੰਡ ਤੁੰਗਾ ਵਿੱਚ ਕੰਮ ਕਰਨ ਲਈ ਇਕੱਠੇ ਹੋਏ ਸਨ, ਜਿਨ੍ਹਾਂ ਨੂੰ ਸੂਏ ’ਤੇ ਬੁਲਾ ਕੇ ਹਾਜ਼ਰੀ ਲਵਾਈ ਗਈ। ਸੂਏ ਦੇ ਨਜ਼ਦੀਕ ਸੜਕ 'ਤੇ ਆਪਣੀ ਹਾਜ਼ਰੀ ਦਾ ਇੰਤਜ਼ਾਰ ਕਰ ਰਹੀਆਂ ਇਨ੍ਹਾਂ ਮਹਿਲਾਵਾਂ ਨੂੰ ਸਵੇਰੇ ਕਰੀਬ 8 ਵਜੇ ਇਕ ਤੇਜ਼ ਰਫਤਾਰ ਟਰੈਕਟਰ ਨੇ ਟੱਕਰ ਮਾਰ ਦਿੱਤੀ ਅਤੇ ਸਾਰੇ ਲੋਕਾਂ ਨੂੰ ਕੁਚਲ ਕੇ ਨਾਲੇ 'ਚ ਜਾ ਡਿੱਗੀ। ਟਰੈਕਟਰ ਨੂੰ ਇੱਕ ਪ੍ਰਵਾਸੀ ਨੌਜਵਾਨ ਚਲਾ ਰਿਹਾ ਸੀ, ਜੋ ਪਿੰਡ ਦੇ ਇੱਕ ਜ਼ਿਮੀਂਦਾਰ ਲਈ ਕੰਮ ਕਰਦਾ ਸੀ। ਚਸ਼ਮਦੀਦ ਗਵਾਹ ਨੇ ਦੱਸਿਆ ਕਿ ਜਦੋਂ ਉਹ ਨਰੇਗਾ ਦੀ ਹਾਜ਼ਰੀ ਲਗਾ ਰਿਹਾ ਸੀ ਤਾਂ ਇਕ ਪ੍ਰਵਾਸੀ ਮਜ਼ਦੂਰ ਨੇ ਉਸ ਦੇ ਉਪਰ ਟਰੈਕਟਰ ਚਲਾ ਦਿੱਤਾ ਅਤੇ ਉਸ ਦੇ ਢਿੱਡ ਉਪਰੋਂ ਟਾਈਲ ਜਾ ਵੱਜੀ, ਜਦਕਿ ਦਰਜਨ ਦੇ ਕਰੀਬ ਹੋਰ ਮਜ਼ਦੂਰ ਵੀ ਜ਼ਖ਼ਮੀ ਹੋ ਗਏ। ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਟਰੈਕਟਰ ਬਹੁਤ ਤੇਜ਼ ਰਫ਼ਤਾਰ ਵਿੱਚ ਸੀ ਅਤੇ ਇੱਕ ਪਾਸੇ 50-60 ਨਰੇਗਾ ਮਜ਼ਦੂਰ ਸਵਾਰ ਸਨ, ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਵਰਕਰਾਂ ਵਿੱਚ ਰੌਲਾ ਪੈ ਗਿਆ।