ਮੁਕੇਰੀਆਂ, 6 ਅਗਸਤ 2024 : ਮੁਕੇਰੀਆਂ ਨੇੜੇ ਹਾਜੀਪੁਰ-ਮਾਨਸਰ ਰੋਡ ’ਤੇ ਦੇਰ ਸ਼ਾਮ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋਂ ਇੱਕ ਅਣਪਛਾਤੇ ਵਾਹਨ ਦੀ ਚਪੇਟ ’ਚ ਆਉਣ ਕਾਰਨ ਇੱਕ ਮਹਿਲਾ ਅਤੇ ਉਸਦੀ ਦੀ ਧੀ ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ ਦੇ ਕਾਰਨ ਉਸਦਾ ਪੁੱਤ ਗੰਭੀਰ ਜ਼ਖਮੀ ਹੋ ਗਿਆ ਹੈ। ਮ੍ਰਿਤਕ ਔਰਤ ਦੇ ਭਰਾ ਟਿੰਮੀ ਨੇ ਦੱਸਿਆ ਕਿ ਉਸ ਦੀ ਭੈਣ ਰੇਖਾ ਰਾਣੀ (35) ਪਤਨੀ ਪੂਰਨ ਚੰਦ ਵਾਸੀ ਧਮੋਟਾ ਤਹਿਸੀਲ ਇੰਦੌਰਾ ਜ਼ਿਲ੍ਹਾ ਕਾਂਗੜਾ (ਹਿਮਾਚਲ) ਆਪਣੀ ਬੇਟੀ ਗਰਿਮਾ ਮਹਿਰਾ (7) ਅਤੇ ਪੁੱਤਰ ਰਿਧਮ (13) ਦੇ ਨਾਲ ਦੇਰ ਸ਼ਾਮ ਤਲਵਾੜਾ ਦੇ ਚਿੰਗਾੜਮਾ ਦਾ ਮੇਲਾ ਦੇਖ ਕੇ ਟਰਾਲੀ ਵਿੱਚ ਵਾਪਸ ਘਰ ਪਰਤ ਰਹੇ ਸਨ। ਜਦੋਂ ਉਹ ਮਾਨਸਰ ਰੇਲਵੇ ਫਾਟਕ ਦੇ ਨੇੜੇ ਪਹੁੰਚਿਆ ਤਾਂ ਉੱਥੇ ਫਾਟਕ ਲੱਗਿਆ ਹੋਇਆ ਸੀ ਅਤੇ ਉਸ ਦਾ ਪਿੰਡ ਨੇੜੇ ਹੋਣ ਕਰਕੇ ਉਹ ਉੱਥੋਂ ਪੈਦਲ ਜਾਣ ਲੱਗੇ। ਜਦੋਂ ਉਹ ਫਾਟਕ ਦੇ ਦੂਜੇ ਪਾਸੇ ਪਹੁੰਚੇ ਤਾਂ ਇੱਕ ਕਾਰ ਸਵਾਰ ਆਪਣੀ ਕਾਰ ਨੂੰ ਮੋੜ ਕੇ ਵਾਪਸ ਜਾਣ ਲੱਗਾ। ਇਸ ਦੌਰਾਨ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਕਈ ਲੋਕ ਵੀ ਜ਼ਖਮੀ ਹੋ ਗਏ। ਪਰ ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਫਰਾਰ ਹੋ ਗਿਆ। ਲੋਕਾਂ ਦੀ ਮਦਦ ਦੇ ਨਾਲ ਉਨ੍ਹਾਂ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ ਹੈ ਜਿੱਥੇ ਡਾਕਟਰਾਂ ਨੇ ਉਸਦੀ ਭੈਣ ਰੇਖਾ ਅਤੇ ਗਰਿਮਾ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ। ਪੁਲੀਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਂ-ਧੀ ਦੀਆਂ ਲਾਸ਼ਾਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ।