ਚੰਡੀਗੜ੍ਹ, 14 ਫਰਵਰੀ : ਮਹਾਰਾਸ਼ਟਰ ਸਰਕਾਰ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ ਸੋਧ ਮਾਮਲੇ ‘ਚ ਆਪਣੇ ਕਦਮ ਪਿਛੇ ਖਿੱਚ ਲਏ ਹਨ। ਮਹਾਰਾਸ਼ਟਰ ਸਰਕਾਰ ਦੇ ਇਸ ਫ਼ੈਸਲੇ ਨਾਲ ਸੰਗਤਾਂ ਦੀ ਜਿੱਤ ਹੋਈ ਹੈ। ਇਹ ਜਾਣਕਰੀ ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਐਕਸ (ਪਹਿਲਾਂ ਟਵੀਟਰ) ‘ਤੇ ਦਿੱਤੀ ਹੈ। ਆਰਪੀ ਸਿੰਘ ਨੇ ਟਵੀਟ ਕਰ ਕਿਹਾ, ਮੇਰੀ ਪਿਛਲੀ ਬੇਨਤੀ ਤੋਂ ਅੱਗੇ ਮੈਨੂੰ ਹੁਣੇ ਹੀ ਦੇਵੇਂਦਰ ਫੜਨਵੀਸ ਜੀ, ਉਪ ਮੁੱਖ ਮੰਤਰੀ ਮਹਾਰਾਸ਼ਟਰ, ਦੀ ਇਕ ਕਾਲ ਪ੍ਰਾਪਤ ਹੋਈ ਹੈ, ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਨੇ ਨਾਂਦੇੜ ਸਾਹਿਬ ਗੁਰਦੁਆਰਾ ਸੋਧ ਐਕਟ ਬਿੱਲ ਨੂੰ ਵਿਧਾਨ ਸਭਾ ਵਿਚ ਪੇਸ਼ ਕਰਨ ਤੋਂ ਪਹਿਲਾਂ ਵਿਆਪਕ ਵਿਚਾਰ-ਵਟਾਂਦਰੇ ਲਈ ਰੋਕਣ ਦਾ ਫ਼ੈਸਲਾ ਕੀਤਾ ਹੈ। ਇਸ ਸਮੇਂ ਦੌਰਾਨ ਸਥਿਤੀ ਜਿਉਂ ਦੀ ਤਿਉਂ ਬਰਕਰਾਰ ਰਹੇਗੀ ਅਤੇ ਮੌਜੂਦਾ ਨਾਂਦੇੜ ਸਿੱਖ ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਬੋਰਡ ਐਕਟ 1956 ਲਾਗੂ ਰਹੇਗਾ।