ਚੰਡੀਗੜ੍ਹ, 03 ਜੂਨ : ਪੰਜਾਬ ਭਰ ਵਿੱਚ ਭਲਕੇ ਡ੍ਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ। 4 ਜੂਨ ਨੂੰ ਸੂਬੇ ਵਿੱਚ ਲੋਕ ਸਭਾ ਚੋਣਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਰਹੀ ਹੈ ਤਾਂ ਇਸ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਹੋਟਲ ਜਾਂ ਰੈਸਟੋਰੈਂਟ ਵਿੱਚ ਸ਼ਰਾਬ ਨਹੀਂ ਦਿੱਤੀ ਜਾਵੇਗੀ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਇਸ ਸਬੰਧੀ ਪਹਿਲਾਂ ਹੀ ਜਾਣਕਾਰੀ ਸਾਂਝੀ ਕੀਤੀ ਜਾ ਚੁੱਕੀ ਹੈ। 4 ਜੂਨ 2024 ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ (ਪੂਰਾ ਦਿਨ) ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਕਮਿਸ਼ਨ ਵੱਲੋਂ ਇਹ ਫੈਸਲਾ ਵੀ ਲਿਆ ਗਿਆ ਹੈ। ਇਸ ਸਮੇਂ ਦੌਰਾਨ, ਕਿਸੇ ਵੀ ਹੋਟਲ, ਰੈਸਟੋਰੈਂਟ, ਕਲੱਬ, ਕਮਿਊਨਿਟੀ ਸੈਂਟਰ, ਸੀਐਸਡੀ ਕੰਟੀਨ, ਦੁਕਾਨਾਂ ਜਾਂ ਕਿਸੇ ਵੀ ਜਨਤਕ ਸਥਾਨ ‘ਤੇ ਸ਼ਰਾਬ ਨਹੀਂ ਵੇਚੀ ਜਾਵੇਗੀ। ਬਿਨਾਂ ਲਾਇਸੈਂਸ ਵਾਲੇ ਅਹਾਤਿਆਂ ਵਿੱਚ ਸ਼ਰਾਬ ਸਟੋਰ ਕਰਨ ‘ਤੇ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਪੰਜਾਬ ਵਿੱਚ 18ਵੀਂ ਲੋਕ ਸਭਾ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਹੋ ਗਈ ਹੈ। ਇਸ ਵਾਰ ਸੂਬੇ ਵਿੱਚ 328 ਉਮੀਦਵਾਰ ਚੋਣ ਮੈਦਾਨ ਵਿੱਚ ਸਨ, ਜਿਨ੍ਹਾਂ ਵਿੱਚੋਂ 2.14 ਕਰੋੜ ਵੋਟਰਾਂ ਵਿੱਚੋਂ ਅੱਤ ਦੀ ਗਰਮੀ ਦੇ ਬਾਵਜੂਦ 62.80 ਫ਼ੀਸਦੀ ਨੇ ਆਪਣੀ ਵੋਟ ਪਾਈ। ਸਭ ਤੋਂ ਵੱਧ ਵੋਟਿੰਗ ਬਠਿੰਡਾ ‘ਚ ਹੋਈ, ਜਿੱਥੇ 69.36 ਫੀਸਦੀ ਵੋਟਿੰਗ ਹੋਈ, ਜਦਕਿ ਸਭ ਤੋਂ ਘੱਟ ਅੰਮ੍ਰਿਤਸਰ ‘ਚ 56.06 ਫੀਸਦੀ ਵੋਟਿੰਗ ਹੋਈ।