- ਹਰਿਆਣਾ ਪੁਲਿਸ ਵੱਲੋਂ ਅਗਵਾ ਕੀਤਾ ਗਿਆ ਨੌਜਵਾਨ ਪਰਿਵਾਰ ਦੇ ਹਵਾਲੇ ਕੀਤਾ ਜਾਵੇ : ਬਿਕਰਮ ਸਿੰਘ ਮਜੀਠੀਆ
- ਅਗਵਾ ਕੀਤੇ ਨੌਜਵਾਨ ਨੂੰ ਹਰਿਆਣਾ ਦੇ ਹਸਪਤਾਲ ਵਿਚ ਮੈਡੀਕਲ ਸਹਾਇਤਾ ਵੀ ਨਹੀਂ ਦਿੱਤੀ ਜਾ ਰਹੀ, ਦੇ ਪਿਤਾ ਨਾਲ ਰਲ ਕੇ ਪ੍ਰੈਸ ਕਾਨਫਰੰਸ ਨੂੰ ਕੀਤਾ ਸੰਬੋਧਨ
ਚੰਡੀਗੜ੍ਹ, 23 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਹਰਿਆਣਾ ਸਰਕਾਰ ਪੰਜਾਬ ਦੇ ਉਸ ਨੌਜਵਾਨ ਕਿਸਾਨ ਨੂੰ ਪਰਿਵਾਰ ਹਵਾਲੇ ਕਰੇ ਜਿਸਨੂੰ ਇਸਦੀ ਪੁਲਿਸ ਨੇ ਅਗਵਾ ਕੀਤਾ ਤੇ ਇਸਨੂੰ ਗੰਭੀਰ ਜ਼ਖ਼ਮੀ ਕੀਤਾ ਤੇ ਉਹਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਮਾਮਲਾ ਹਰਿਆਣਾ ਸਰਕਾਰ ਕੋਲ ਚੁੱਕਣ ਵਿਚ ਅਸਫਲ ਰਹਿਣ ਅਤੇ ਪਰਿਵਾਰ ਨੂੰ ਨਿਆਂ ਵਾਸਤੇ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਮਜਬੂਰ ਕਰਨ ਲਈ ਉਹਨਾਂ ਦੀ ਨਿਖੇਧੀ ਕੀਤੀ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 30 ਸਾਲਾਂ ਦੇ ਅੰਮ੍ਰਿਤਧਾਰੀ ਗੁਰਸਿੱਖ ਕਿਸਾਨ ਪ੍ਰੀਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਨੇ ਖਨੌਰੀ ਤੋਂ ਉਸ ਵੇਲੇ ਅਗਵਾ ਕਰ ਲਿਆ ਸੀ ਜਦੋਂ ਉਹ ਲੰਗਰ ਵਰਤਾਉਣ ਲਈ ਗਿਆਸੀ ਤੇ ਟਰਾਲੀ ਵਿਚ ਬੈਠਾ ਸੀ। ਉਹਨਾਂ ਕਿਹਾ ਕਿ ਚਸ਼ਮਦੀਦ ਗਵਾਹਾਂ ਨੇ ਦੱਸਿਆ ਕਿ ਨੌਜਵਾਨਾਂ ਨੂੰ ਬੈਰੀਕੇਡ ਦੇ ਪਰਲੇ ਪਾਸੇ ਸੁੱਟ ਦਿੱਤਾ ਗਿਆ ਤੇ ਫਿਰ ਬੋਰੀ ਵਿਚ ਪਾ ਕੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ ਜਿਸ ਕਾਰਨ ਉਸਦੀ ਇਕ ਲੱਤ ਟੁੱਟ ਗਈ, ਜਬਾੜਾ ਤੇ ਨੱਕ ਵੀ ਟੁੱਟ ਗਏ ਤੇ ਹੋਰ ਗੰਭੀਰ ਸੱਟਾਂ ਵੱਜੀਆਂ। ਸਰਦਾਰ ਮਜੀਠੀਆ, ਜਿਹਨਾਂ ਨੇ ਪ੍ਰੀਤਪਾਲ ਦੇ ਪਿਤਾ ਦਵਿੰਦਰ ਸਿੰਘ ਦੇ ਨਾਲ ਰਲ ਕੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ, ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੇ ਬਾਵਜੂਦ ਪ੍ਰੀਤਪਾਲ ਸਿੰਘ ਦੇ ਖਿਲਾਫ ਧਾਰਾ 307 ਆਈ ਪੀ ਸੀ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਤੇ ਉਸਦਾ ਸਹੀ ਮੈਡੀਕਲ ਇਲਾਜ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਉਹ ਪੀ ਜੀ ਆਈ ਰੋਹਤਕ ਵਿਚ ਜੇਰੇ ਇਲਾਜ ਹੈ। ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਪੀੜਤ ਪਰਿਵਾਰ ਦੀਆਂ ਅਪੀਲਾਂ ਨਹੀਂ ਸੁਣ ਰਹੀ ਤੇ ਉਸਨੂੰ ਸੁਪਰ ਸਪੈਸ਼ਲਟੀ ਹਸਪਤਾਲ ਨਹੀਂ ਲਿਜਾਣ ਦਿੱਤਾ ਜਾ ਰਿਹਾ ਤੇ ਨਾ ਹੀ ਉਸ ਖਿਲਾਫ ਦਰਜ ਐਫ ਆਈ ਆਰ ਦੀ ਕਾਪੀ ਦਿੱਤੀ ਜਾ ਰਹੀ ਹੈ। ਸਰਦਾਰ ਮਜੀਠੀਆ ਨੇ ਮੰਗ ਕੀਤੀ ਕਿ ਪ੍ਰੀਤਪਾਲ ਸਿੰਘ ਨੂੰ ਪਰਿਵਾਰ ਹਵਾਲੇ ਕੀਤਾ ਜਾਵੇ ਤਾਂ ਜੋ ਉਸਦਾ ਸਹੀ ਇਲਾਜ ਕਰਵਾਇਆ ਜਾ ਸਕੇ।ਉਹਨਾਂ ਕਿਹਾ ਕਿ ਉਹ ਤੇ ਉਹਨਾਂ ਦੀ ਵਿਧਾਇਕ ਪਤਨੀ ਸ੍ਰੀਮਤੀ ਗਨੀਵ ਕੌਰ ਇਹ ਲਿਖਤੀ ਹਲਫਨਾਮਾ ਦੇਣ ਲਈ ਤਿਆਰ ਹਨ ਕਿ ਤੰਦਰੁਸਤ ਹੋਣ ਮਗਰੋਂ ਲੜਕੇ ਨੂੰ ਜਿਵੇਂ ਅਤੇ ਜਦੋਂ ਵੀ ਲੋੜ ਪਵੇ ਉਹ ਆਪ ਲੈ ਕੇ ਹਰਿਆਣਾ ਪੁਲਿਸ ਕੋਲ ਪੇਸ਼ ਕਰ ਦੇਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰੀਤਪਾਲ ਦੇ ਪਿਤਾ ਦਵਿੰਦਰ ਸਿੰਘ ਨੇ ਕਿਹਾ ਕਿ ਆਪ ਸਰਕਾਰ ਤੋਂ ਕਿਸੇ ਨੇ ਵੀ ਉਹਨਾਂ ਤੱਕ ਪਹੁੰਚ ਨਹੀਂ ਕੀਤੀ ਜਿਸ ਕਾਰਨ ਉਹ ਰਾਹਤ ਲੈਣ ਲਈ ਹਾਈ ਕੋਰਟ ਤੱਕ ਪਹੁੰਚ ਕਰਨ ਵਾਸਤੇ ਮਜਬੂਰ ਹੋਏ ਹਨ। ਇਸ ਮੌਕੇ ਫੁੱਟ ਫੁੱਟ ਕੇ ਰੋਣ ਲੱਗੇ ਦਵਿੰਦਰ ਸਿੰਘ ਨੇ ਕਿਹਾ ਕਿ ਹਰਿਆਣਾ ਪੁਲਿਸ ਨੇ ਉਹਨਾਂ ਦੇ ਪੁੱਤਰ ਨਾਲ ਪਸ਼ੂਆਂ ਵਾਲਾ ਵਿਹਾਰ ਕੀਤਾ ਹੈ ਤੇ ਪੀ ਜੀ ਆਈ ਰੋਹਤਕ ਵਿਖੇ ਉਸਦਾ ਸਹੀ ਇਲਾਜ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਪ੍ਰੀਤਪਾਲ ਨੂੰ ਲੱਤ ਤੇ ਜਬਾੜੇ ਦੇ ਤੁਰੰਤ ਅਪਰੇਸ਼ਨ ਦੀ ਲੋੜ ਹੈ ਤੇ ਇਸੇ ਲਈ ਉਹ ਉਸਦਾ ਦੂਜੇ ਹਸਪਤਾਲ ਵਿਚ ਇਲਾਜ ਕਰਵਾਉਣਾ ਚਾਹੁੰਦੇ ਹਨ। ਸਰਦਾਰ ਮਜੀਠੀਆ ਨੇ ਪਰਿਵਾਰ ਨੂੰ ਭਰੋਸਾ ਦੁਆਇਆ ਕਿ ਉਹ ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਕੋਲ ਵੀ ਇਹ ਮਾਮਲਾ ਚੁੱਕਣਗੇ। ਉਹਨਾਂ ਨੇ ਹਰਿਆਣਾ ਸਰਕਾਰ ਵੱਲੋਂ ਸੂਬੇ ਵਿਚ ਐਨ ਐਸ ਏ ਲਾਗੂ ਕਰਨ ਦੇ ਯਤਨਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਤਾਨਾਸ਼ਾਹੀ ਕਦਮ ਲੋਕਤੰਤਰ ਲਈ ਠੀਕ ਨਹੀਂ ਹਨ। ਇਕ ਸਵਾਲ ਦੇ ਜਵਾਬ ਵਿਚ ਸਰਦਾਰ ਮਜੀਠੀਆ ਨੇ ਕਿਹਾ ਕਿ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਪੋਸਟ ਮਾਰਟਮ ਹੁਣ ਤੱਕ ਨਹੀਂ ਹੋ ਸਕਿਆ ਕਿਉਂਕਿ ਪੰਜਾਬ ਸਰਕਾਰ ਨੇ ਕੇਸ ਵਿਚ ਐਫ ਆਈ ਆਰ ਦਰਜ ਨਹੀਂ ਕੀਤੀ। ਉਹਨਾਂ ਪੁੱਛਿਆ ਕਿ ਕੀ ਮੁੱਖ ਮੰਤਰੀ ਨੂੰ ਨਿਯਮਾਂ ਦੀ ਜਾਣਕਾਰੀ ਨਹੀਂ ਹੈ ? ਉਹਨਾਂ ਕਿਹਾ ਕਿ ਹਰਿਆਣਾ ਪੁਲਿਸ ਵੱਲੋਂ ਕੀਤੇ ਹਮਲਿਆਂ ਵਿਚ ਜ਼ਖ਼ਮੀ ਹੋਏ ਕਿਸਾਨਾਂ ਦੇ ਮਾਮਲੇ ਵਿਚ ਐਮ ਐਲ ਆਰ ਇਸ ਕਰ ਕੇ ਨਹੀਂ ਕੱਟੀਆਂ ਜਾ ਰਹੀਆਂ ਜਿਸ ਤੋਂ ਸੰਕੇਤ ਮਿਲਦਾ ਹੈ ਕਿ ਮੁੱਖ ਮੰਤਰੀ ਹਰਿਆਣਾ ਨਾਲ ਰਲ ਕੇ ਫਿਕਸ ਮੈਚ ਖੇਡ ਰਹੇ ਹਨ ਜੋ ਕਿ ਪੰਜਾਬ ਦੇ ਕਿਸਾਨਾਂ ਲਈ ਨੁਕਸਾਨਦੇਹ ਹੈ।