ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੂਬੇ ਵਿੱਚ ਵਿਗਿਆਨ,ਤਕਨਾਲੋਜੀ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਤਹਿਤ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਅੱਜ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿੱਚ ਲਾਰਜ ਫਾਰਮੈਟ ਫਿਲਮ ਥੀਏਟਰ ਨੂੰ ਅਪਗ੍ਰੇਡ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।ਇਸ ਸਬੰਧੀ ਫੈਸਲਾ ਅੱਜ ਇੱਥੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਸਾਇੰਸ ਸਿਟੀ ਦੀ ਗਵਰਨਿੰਗ ਬਾਡੀ ਦੀ ਮੀਟਿੰਗ ਦੌਰਾਨ ਲਿਆ ਗਿਆ। ਮੁੱਖ ਸਕੱਤਰ ਨੇ ਲਾਰਜ ਫਾਰਮੈਟ ਫਿਲਮ ਥੀਏਟਰ ਨੂੰ ਮੌਜੂਦਾ ਸਿਸਟਮ ਤੋਂ ਹਾਈ ਰੈਜ਼ੋਲਿਊਸ਼ਨ ਵਾਲੇ ਫੁੱਲ ਡੋਮ ਡਿਜੀਟਲ ਇਮਰਸਿਵ ਪ੍ਰੋਜੈਕਸ਼ਨ ਸਿਸਟਮ ਵਿੱਚ ਅੱਪਗ੍ਰੇਡ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਸ਼ਪਾ ਗੁਜਰਾਲ ਸਾਇੰਸ ਸਿਟੀ (ਪੀਜੀਐਸਸੀ) ਨੂੰ ਮਿਸ਼ਨ ਪਾਪੂਲਰ ਸਾਇੰਸ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਜੰਜੂਆ ਨੇ ਕਿਹਾ ਕਿ ਗਵਰਨਿੰਗ ਬਾਡੀ ਨੇ ਇੱਕ ਨਵੀਂ 3ਡੀ ਫਿਲਮ “ਡੀਨੋ ਸਫਾਰੀ” ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਆਮ ਲੋਕਾਂ ਅਤੇ ਵਿਦਿਆਰਥੀਆਂ ਲਈ ਜਲਦ ਹੀ ਲਾਂਚ ਕੀਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ 5 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਜਿਸ ਵਿੱਚੋਂ 4 ਕਰੋੜ ਰੁਪਏ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਦੌਰੇ ਲਈ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਸਕੱਤਰ ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਰਾਹੁਲ ਤਿਵਾੜੀ ਨੇ ਦੱਸਿਆ ਕਿ ਸਾਇੰਸ ਸਿਟੀ ਹਰ ਦਿਨ ਵਿਦਿਆਰਥੀ ਆਧਾਰਿਤ ਗਤੀਵਿਧੀਆਂ ਕਰਵਾ ਰਹੀ ਹੈ। ਡਾਇਰੈਕਟਰ ਜਨਰਲ ਸਾਇੰਸ ਸਿਟੀ ਡਾ. ਨੀਲਿਮਾ ਜੇਰਥ ਨੇ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ ਕਿ ਪਿਛਲੇ ਸੱਤ ਮਹੀਨਿਆਂ (1 ਅਪ੍ਰੈਲ ਤੋਂ 31 ਅਕਤੂਬਰ, 2022) ਵਿੱਚ ਕੁੱਲ 1,54,110 ਸੈਲਾਨੀ ਸਾਇੰਸ ਸਿਟੀ ਆਏ ਹਨ, ਜਿਨ੍ਹਾਂ ਵਿੱਚੋਂ 93,373 ਵਿਦਿਆਰਥੀ ਅਤੇ 60,747 ਹੋਰ ਸੈਲਾਨੀ ਸਨ। ਮੀਟਿੰਗ ਵਿੱਚ ਮੁੱਖ ਸਕੱਤਰ ਨੂੰ ਦੱਸਿਆ ਕਿ ਉਹ ਮੁਹਾਲੀ ਵਿੱਚ ਇੱਕ ਹੋਰ ਸਾਇੰਸ ਸਿਟੀ ਅਤੇ ਫਰੀਦਕੋਟ ਵਿੱਚ ਸਾਇੰਸ ਕੇਂਦਰ ਬਣਾਉਣ ਦੀ ਤਜਵੀਜ਼ 'ਤੇ ਵੀ ਕੰਮ ਕਰ ਰਹੇ ਹਨ। ਮੁੱਖ ਸਕੱਤਰ ਨੇ ਉਨ੍ਹਾਂ ਨੂੰ ਇਨ੍ਹਾਂ ਮਾਮਲਿਆਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਪੰਜਾਬ ਦੇ ਲੋਕਾਂ ਦਰਮਿਆਨ ਸਾਇੰਸ ਪ੍ਰਤੀ ਰੁਚੀ ਅਤੇ ਵਿਗਿਆਨਕ ਭਾਵਨਾ ਪੈਦਾ ਕੀਤੀ ਜਾ ਸਕੇ।