ਚੰਡੀਗੜ੍ਹ, 18 ਫਰਵਰੀ : ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਮੀਟਿੰਗ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਇੱਕ ਪਾਸੇ ਤਾਂ ਸਰਕਾਰ ਗੱਲਬਾਤ ਦਾ ਮਾਹੌਲ ਬਣਾ ਰਹੀ ਹੈ। ਦੂਜੇ ਪਾਸੇ ਜਿਥੇ ਬੈਰੀਕੇਡਿੰਗ ਕੀਤੀ ਹੋਈ ਹੈ, ਉਥੇ ਪੁਲਿਸ ਨੇ ਤਾਂ ਆਪਣਾ ਕੰਮ ਕਰਨਾ ਹੀ ਹੈ, ਉਥੇ ਬਿਨਾਂ ਵਰਦੀ, ਬਿਨਾਂ ਨੇਮ ਪਲੇਟ ਦੇ ਕਿਹੜੇ ਬੰਦੇ ਤਾਇਨਾਤ ਕੀਤੇ ਗਏੇ ਹਨ। ਇਸ ਨਾਲ ਸਰਕਾਰ ਦਾ ਰਵੱਈਆ ਸਾਹਮਣੇ ਆ ਰਿਹਾ ਹੈ। ਸਰਕਾਰ ਟਾਲਮਟੋਲ ਦੀ ਨੀਤੀ ਨਾ ਅਪਣਾਏ ਕਿ ਮੀਟਿੰਗਾਂ ਤੇ ਮੀਟਿੰਗਾਂ ਕਰਦੀ ਰਹੇ ਤੇ ਫਿਰ ਕਹੇ ਕਿ ਹੁਣ ਤਾਂ ਕੋਡ ਆਫ ਕੰਡਕਟ ਲੱਗ ਗਿਆ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਪਰ ਫਿਰ ਵੀ ਕਿਸਾਨ ਜਾਣ ਵਾਲੇ ਨਹੀਂ ਹਨ। ਇਹ ਅੰਦੋਲਨ ਕਿਸੇ ਸਿਆਸੀ ਪਾਰਟੀ ਤੋਂ ਸਪਾਂਸਰ ਨਹੀਂ ਕੀਤਾ ਗਿਆ ਹੈ, ਅਸੀਂ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਣਾ ਚਾਹ ਰਹੇ ਹਾਂ। ਸਰਕਾਰ ਕੋਡ ਆਫ ਕੰਡਕਟ ਲੱਗਣ ਤੋਂ ਪਹਿਲਾਂ ਸਾਡੀਆਂ ਮੰਗਾਂ ਦਾ ਹੱਲ ਕੱਢੇ, ਤਾਂਕਿ ਕਿਸਾਨਾਂ ਨੂੰ ਵੀ ਪ੍ਰੇਸ਼ਾਨੀ ਨਾਲ ਝੱਲਣਾ ਪਏ। ਇਸ ਦੌਰਾਨ ਹਰਿਆਣਾ ਦੇ ਕਿਸਾਨ ਆਗੂ ਨੇ ਕਿਹਾ ਕਿ ਹਰਿਆਣਾ ਦਾ ਕਿਸਾਨ ਵੀ ਪੰਜਾਬ ਦੇ ਨਾਲ ਖੜ੍ਹਾ ਹੈ। ਖਾਪ ਪੰਚਾਇਤਾਂ ਦੇ ਨਾਲ-ਨਾਲ ਪਿੰਡਾਂ ਵਿੱਚ ਪੰਚਾਇਤਾਂ ਹੋ ਰਹੀਆਂ ਹਨ। ਹੱਕਾਂ ਦੀ ਲੜਾਈ ਹੈ ਯੂਪੀ ਦੇ ਕਿਸਾਨ ਵੀ ਨਿਕਲ ਰਹੇ ਹਨ ਹਨ। ਅੱਜ ਦੀ ਮੀਟਿੰਗ ਮਗਰੋਂ ਸਾਰੇ ਦੇਸ਼ ਦੇ ਕਿਸਾਨ ਬਾਰਡਰਾਂ ‘ਤੇ ਪਹੁੰਚ ਜਾਣਗੇ।