ਚੰਡੀਗੜ੍ਹ 31 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸੂਬੇ ਦੀਆਂ ਗਾਵਾਂ ਵਿੱਚ ਫੈਲੀ ਲਾਗ ਦੀ ਬੀਮਾਰੀ ਲੰਪੀ ਸਕਿਨ ਨੂੰ ਪ੍ਰਭਾਵੀ ਤਰੀਕੇ ਨਾਲ ਨਜਿੱਠਿਆ ਹੈ। ਜਿਥੇ ਸਰਕਾਰ ਨੇ ਸੂਬੇ ਵਿੱਚ ਬੀਮਾਰੀ ਦੀ ਰੋਕਥਾਮ ਲਈ ਹਰ ਸਥਿਤੀ ‘ਤੇ ਨੇੜਿਉਂ ਨਜ਼ਰ ਰੱਖਣ ਅਤੇ ਭਵਿੱਖੀ ਰਣਨੀਤੀਆਂ ਉਲੀਕਣ ਲਈ ਮੰਤਰੀ ਸਮੂਹ ਦਾ ਗਠਨ ਕੀਤਾ, ਉਥੇ ਤੁਰੰਤ ਲੋੜੀਂਦੀ ਵੈਕਸੀਨ ਤੇ ਦਵਾਈਆਂ ਮੰਗਵਾਈਆਂ ਅਤੇ ਹੇਠਲੇ ਪੱਧਰ ਤੱਕ ਪ੍ਰਭਾਵੀ ਇਲਾਜ ਮੁਹੱਈਆ ਕਰਵਾਉਣ ਲਈ ਸਮਰਪਿਤ ਟੀਮਾਂ ਬਣਾਈਆਂ। ਇਸ ਦੇ ਨਾਲ ਹੀ ਭਵਿੱਖੀ ਯੋਜਨਾ ਉਲੀਕਦਿਆਂ ਸੂਬਾ ਸਰਕਾਰ ਨੇ 15 ਫ਼ਰਵਰੀ, 2023 ਤੋਂ ਮੈਗਾ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦਾ ਵੀ ਫ਼ੈਸਲਾ ਕੀਤਾ ਹੈ। ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਬੀਮਾਰੀ ‘ਤੇ ਕਾਬੂ ਪਾਉਣ ਲਈ ਸਰਕਾਰ ਨੇ 1.54 ਕਰੋੜ ਰੁਪਏ ਮੁੱਲ ਦੀ ਗੋਟ ਪੌਕਸ ਵੈਕਸੀਨ ਦੀਆਂ 10 ਲੱਖ ਖ਼ੁਰਾਕਾਂ ਜਹਾਜ਼ ਰਾਹੀਂ ਮੰਗਵਾਈਆਂ ਅਤੇ ਸੂਬੇ ਭਰ ਵਿੱਚ ਪਸ਼ੂਆਂ ਦੇ ਇਲਾਜ ਲਈ 1.37 ਕਰੋੜ ਰੁਪਏ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਕਰੀਬ 9.5 ਲੱਖ ਗਾਵਾਂ ਨੂੰ ਟੀਕੇ ਲਾਏ ਗਏ। ਮੰਤਰੀ ਸਮੂਹ, ਜਿਸ ਵਿੱਚ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਸ਼ਾਮਲ ਹਨ, ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬੇ ਦੀਆਂ ਕਰੀਬ 25 ਲੱਖ ਗਾਵਾਂ ਦੀ 100 ਫ਼ੀਸਦੀ ਆਬਾਦੀ ਨੂੰ ਕਵਰ ਕਰਨ ਲਈ ਟੀਕਾਕਰਨ ਮੁਹਿੰਮ 15 ਫ਼ਰਵਰੀ, 2023 ਤੋਂ ਸ਼ੁਰੂ ਕਰਕੇ 30 ਅ੍ਰਪੈਲ, 2023 ਤੱਕ ਮੁਕੰਮਲ ਕੀਤੀ ਜਾਵੇ ਅਤੇ ਇਸ ਨੂੰ ਸਮਾਂਬੱਧ ਤਰੀਕੇ ਨਾਲ ਖ਼ਤਮ ਕਰਨ ਲਈ ਵਿਉਂਤਬੰਦੀ ਉਲੀਕੀ ਜਾਵੇੇ। ਉਨ੍ਹਾਂ ਨਿਰਦੇਸ਼ ਦਿੱਤੇ ਹਨ ਕਿ ਵੈਟਰਨਰੀ ਬਾਇਉਲੌਜੀਕਲ ਐਂਡ ਰਿਸਰਚ ਇੰਸਟੀਚਿਊਟ, ਹੈਦਰਾਬਾਦ (ਤੇਲੰਗਾਨਾ) ਤੋਂ ਕਿਫ਼ਾਇਤੀ ਦਰਾਂ ‘ਤੇ ਗਾਵਾਂ ਦੀ ਆਬਾਦੀ ਮੁਤਾਬਕ ਕਰੀਬ 25 ਲੱਖ ਡੋਜ਼ ਖ਼ਰੀਦਣ ਲਈ ਚਾਰਾਜੋਈ ਕੀਤੀ ਜਾਵੇ। ਕੈਬਨਿਟ ਮੰਤਰੀਆਂ ਨੇ ਮੱਝਾਂ ਨੂੰ ਗੋਟ ਪੌਕਸ ਦੇ ਟੀਕੇ ਲਾਉਣ ਸਬੰਧੀ ਸੁਝਾਅ ਦੇਣ ਵਾਸਤੇ 7 ਮੈਂਬਰੀ ਮਾਹਰ ਕਮੇਟੀ ਵੀ ਬਣਾਈ ਹੈ। ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਸੂਬੇ ਵਿੱਚ ਕਿਸਾਨਾਂ ਅਤੇ ਖ਼ਾਸਕਰ ਪਸ਼ੂ ਪਾਲਕਾਂ ਨੂੰ ਬੀਮਾਰੀਆਂ ਅਤੇ ਇਨ੍ਹਾਂ ਤੋਂ ਬਚਾਅ ਬਾਰੇ ਦੱਸਣ ਲਈ ਜਾਗਰੂਕਤਾ ਮੁਹਿੰਮ ਅਰੰਭੀ ਜਾਵੇ ਤਾਂ ਜੋ ਪਸ਼ੂ ਪਾਲਕ ਆਪਣੀ ਪੱਧਰ ‘ਤੇ ਵੀ ਅਗਾਊਂ ਇਹਤਿਆਤ ਅਪਣਾ ਸਕਣ। ਦੱਸ ਦੇਈਏ ਕਿ ਬੀਮਾਰੀ ਦੀ ਰੋਕਥਾਮ ਲਈ ਪਸ਼ੂ ਪਾਲਣ ਵਿਭਾਗ ਵੱਲੋਂ 673 ਟੀਕਾਕਰਨ ਟੀਮਾਂ ਗਠਤ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਬੈਚਲਰ ਆਫ਼ ਵੈਟਰਨਰੀ ਸਾਇੰਸ (ਬੀ.ਵੀ.ਐਸ.ਸੀ.) ਦੇ ਅੰਤਮ ਸਾਲ ਦੇ ਵਿਦਿਆਰਥੀਆਂ ਅਤੇ ਇੰਟਰਨਜ਼ ਨੂੰ ਵੀ ਟੀਕਾਕਰਨ ਅਤੇ ਜਾਗਰੂਕਤਾ ਮੁਹਿੰਮਾਂ ਵਿੱਚ ਸ਼ਾਮਲ ਕੀਤਾ ਗਿਆ। ਇਨ੍ਹਾਂ ਟੀਮਾਂ ਵੱਲੋਂ ਸੂਬੇ ਵਿੱਚ ਬੀਮਾਰੀ ਦੇ ਇਲਾਜ ਅਤੇ ਕੰਟਰੋਲ ਲਈ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਨਿਯਮਤ ਪਾਲਣਾ ਯਕੀਨੀ ਬਣਾਈ ਗਈ। ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਇੱਕ ਹੋਰ ਮਾਅਰਕਾ ਮਾਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਪਿਛਲੀ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਵਿੱਚ ਵੈਟਰਨਰੀ ਅਫ਼ਸਰਾਂ ਦੀਆਂ ਘਟਾਈਆਂ ਆਸਾਮੀਆਂ ਦੁੱਗਣੀਆਂ ਕਰਕੇ 418 ਕਰ ਦਿੱਤੀਆਂ ਹਨ। ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ, “ਵਿਭਾਗ ਵਿੱਚ ਵੈਟਰਨਰੀ ਅਫ਼ਸਰਾਂ ਦੀਆਂ 353 ਆਸਾਮੀਆਂ ਨੂੰ ਪਿਛਲੀ ਕਾਂਗਰਸ ਸਰਕਾਰ ਨੇ ਘਟਾ ਕੇ 200 ਕਰ ਦਿੱਤਾ ਸੀ। ਸਾਡੀ ਸਰਕਾਰ ਨੇ ਸੂਬੇ ਵਿੱਚ ਸੱਤਾ ਸੰਭਾਲਦਿਆਂ ਹੀ ਇਨ੍ਹਾਂ ਆਸਾਮੀਆਂ ਸਬੰਧੀ ਕੇਸ ਨੂੰ ਵਿਚਾਰਿਆ ਅਤੇ ਇਨ੍ਹਾਂ ਆਸਾਮੀਆਂ ਨੂੰ 200 ਤੋਂ ਵਧਾ ਕੇ 418 ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੈਟਰਨਰੀ ਅਫ਼ਸਰਾਂ ਦੀਆਂ ਇਨ੍ਹਾਂ ਆਸਾਮੀਆਂ ‘ਤੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਰਾਹੀਂ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਛੇਤੀ ਹੀ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ।” ਕੈਬਨਿਟ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਪਸ਼ੂ ਪਾਲਣ ਵਿਭਾਗ ਵਿੱਚ 152 ਵੈਟਰਨਰੀ ਇੰਸਪੈਕਟਰਾਂ (ਵੀ.ਆਈਜ਼.) ਦੀ ਭਰਤੀ ਕੀਤੀ ਗਈ ਹੈ। ਇਸੇ ਤਰ੍ਹਾਂ ਵਿਭਾਗ ਵੱਲੋਂ 60 ਹੋਰ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਇਸ਼ਤਿਹਾਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ।