ਚੰਡੀਗੜ੍ਹ, 15 ਫਰਵਰੀ : ‘ਦਿੱਲੀ ਚਲੋ’ ਅੰਦੋਲਨ ਕਰ ਰਹੇ ਕਿਸਾਨਾਂ ਵਿਰੁਧ ਹਰਿਆਣਾ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਪੰਜਾਬ ਵਿਚ ਕਈ ਥਾਵਾਂ ’ਤੇ ਕਿਸਾਨਾਂ ਵਲੋਂ ਪਟੜੀਆਂ ’ਤੇ ਬੈਠਣ ਤੋਂ ਬਾਅਦ ਵੀਰਵਾਰ ਨੂੰ ਦਿੱਲੀ-ਅੰਮ੍ਰਿਤਸਰ ਰੂਟ ਦੀਆਂ ਕੁੱਝ ਟਰੇਨਾਂ ਨੂੰ ਦੂਜੇ ਰੂਟਾਂ ਵੱਲ ਮੋੜ ਦਿਤਾ ਗਿਆ। ਕਿਸਾਨਾਂ ਨੇ ਕਈ ਟੋਲ ਪਲਾਜ਼ਿਆਂ 'ਤੇ ਪ੍ਰਦਰਸ਼ਨ ਵੀ ਕੀਤਾ ਅਤੇ ਅਧਿਕਾਰੀਆਂ 'ਤੇ ਯਾਤਰੀਆਂ ਤੋਂ ਟੋਲ ਨਾ ਵਸੂਲਣ ਲਈ ਦਬਾਅ ਪਾਇਆ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਅਤੇ ਬੀਕੇਯੂ ਡਕੌਂਦਾ (ਧਨੇਰ) ਵਲੋਂ ਪੰਜਾਬ ਵਿਚ ਕਈ ਥਾਵਾਂ ’ਤੇ ਚਾਰ ਘੰਟੇ ਲਈ ‘ਰੇਲ ਰੋਕੋ’ ਦਾ ਸੱਦਾ ਦਿਤਾ ਗਿਆ ਸੀ। ਕਿਸਾਨਾਂ ਨੇ ਦੁਪਹਿਰ 12 ਵਜੇ ਦੇ ਕਰੀਬ ਅਪਣਾ ਅੰਦੋਲਨ ਸ਼ੁਰੂ ਕੀਤਾ ਅਤੇ ਕਈ ਥਾਵਾਂ 'ਤੇ ਪਟੜੀਆਂ 'ਤੇ ਬੈਠ ਗਏ। ਇਹ ਪ੍ਰਦਰਸ਼ਨ ਸ਼ਾਮ 4 ਵਜੇ ਤਕ ਜਾਰੀ ਰਿਹਾ। ਮੁੱਖ ਦਿੱਲੀ-ਅੰਮ੍ਰਿਤਸਰ ਮਾਰਗ 'ਤੇ ਕਈ ਥਾਵਾਂ 'ਤੇ ਕਿਸਾਨ ਰੇਲ ਪਟੜੀਆਂ 'ਤੇ ਬੈਠੇ ਸਨ, ਇਸ ਕਾਰਨ ਰੇਲਵੇ ਅਧਿਕਾਰੀਆਂ ਨੇ ਰੇਲਗੱਡੀਆਂ ਨੂੰ ਚੰਡੀਗੜ੍ਹ (ਦਿੱਲੀ ਵੱਲ) ਅਤੇ ਲੋਹੀਆਂ ਖਾਸ (ਅੰਮ੍ਰਿਤਸਰ ਅਤੇ ਜਲੰਧਰ ਵੱਲ) ਵੱਲ ਮੋੜ ਦਿਤਾ। ਭਾਰਤੀ ਰੇਲਵੇ ਦੇ ਬੁਲਾਰੇ ਨੇ ਦਸਿਆ ਕਿ ਦਿੱਲੀ ਤੋਂ ਆਉਣ ਵਾਲੀਆਂ ਸ਼ਤਾਬਦੀ ਅਤੇ ਸ਼ਾਨ-ਏ-ਪੰਜਾਬ ਐਕਸਪ੍ਰੈਸ ਰੇਲ ਗੱਡੀਆਂ ਨੂੰ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਬੰਦ ਕਰ ਦਿਤਾ ਗਿਆ ਹੈ। ਇਸ ਦੌਰਾਨ ਜਿਥੇ ਘੱਟੋ-ਘੱਟ ਸਮਰਥਨ ਮੁੱਲ ਦੀ ਮੰਗ ਕਰ ਰਹੇ ਕਿਸਾਨ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਵੱਲ ਮਾਰਚ ਕਰ ਰਹੇ ਸਨ, ਉਥੇ ਹੀ ਹਰਿਆਣਾ ਪੁਲਿਸ ਵਲੋਂ ਅੱਥਰੂ ਗੈਸ ਦੀ ਵਰਤੋਂ ਦੇ ਵਿਰੋਧ 'ਚ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਕਿਸਾਨਾਂ ਨੇ ਕਈ ਟੋਲ ਪਲਾਜ਼ਿਆਂ 'ਤੇ ਪ੍ਰਦਰਸ਼ਨ ਵੀ ਕੀਤਾ।ਭਾਰਤੀ ਕਿਸਾਨ ਯੂਨੀਅਨ ਦੇ ਆਗੂ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਉਹ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ’ਤੇ ਪੁਲਿਸ ਕਾਰਵਾਈ ਵਿਰੁਧ ਅੰਦੋਲਨ ਕਰ ਰਹੇ ਹਨ। ਹੁਸ਼ਿਆਰਪੁਰ 'ਚ ਕਿਸਾਨਾਂ ਨੇ ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ 'ਤੇ ਸਥਿਤ ਦੋ ਟੋਲ ਪਲਾਜ਼ਿਆਂ 'ਤੇ ਪ੍ਰਦਰਸ਼ਨ ਕੀਤਾ। ਦੋਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਦੀ ਅਗਵਾਈ ਹੇਠ ਕਿਸਾਨਾਂ ਨੇ ਚੋਲਾਂਗ ਅਤੇ ਹਰਸੇ ਮਾਨਸਰ ਵਿਖੇ ਟੋਲ ਪਲਾਜ਼ਿਆਂ ਦਾ ਘਿਰਾਉ ਕਰਕੇ ਉਥੇ ਧਰਨਾ ਦਿਤਾ। ਉਨ੍ਹਾਂ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵਿਰੁਧ ਨਾਅਰੇਬਾਜ਼ੀ ਕੀਤੀ ਅਤੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਭਾਰਤੀ ਕਿਸਾਨ ਯੂਨੀਅਨ ਚੜੂਨੀ ਨੇ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਭਲਕੇ ਨੂੰ ਹਰਿਆਣਾ ਵਿਚ 3 ਘੰਟੇ ਲਈ ਟੋਲ ਫਰੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਯੂ.ਪੀ., ਪੰਜਾਬ, ਰਾਜਸਥਾਨ ਵਿਚ ਜਿਥੇ ਵੀ ਬੀ.ਕੇ.ਯੂ. ਚੜੂਨੀ ਦੀਆਂ ਜਥੇਬੰਦੀਆਂ ਹਨ, ਉਹ ਵੀ ਅਜਿਹਾ ਕਰਨਗੇ ਅਤੇ ਹੋਰ ਸੰਸਥਾਵਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ 16 ਤਰੀਕ ਨੂੰ ਪੂਰੇ ਹਰਿਆਣਾ ਵਿਚ ਤਹਿਸੀਲ ਪੱਧਰ ‘ਤੇ ਟਰੈਕਟਰ ਯਾਤਰਾ ਕੱਢੀ ਜਾਵੇਗੀ। ਉਨ੍ਹਾਂ ਕਿਹਾ ਕਿ 18 ਫਰਵਰੀ ਨੂੰ ਕੁਰੂਕਸ਼ੇਤਰ ਬ੍ਰਹਮਸਰੋਵਰ ਦੇ ਪਾਰਕ ਵਿਚ ਸਾਂਝੀ ਮੀਟਿੰਗ ਕੀਤੀ ਜਾਵੇਗੀ। ਕਿਸਾਨ ਅੰਦੋਲਨ ਕਾਰਨ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ। ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ 16 ਫਰਵਰੀ ਤੱਕ ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਇੰਟਰਨੈੱਟ ਸੇਵਾ ਵੀ ਠੱਪ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਬਠਿੰਡਾ ਅਤੇ ਪਟਿਆਲਾ ‘ਚ ਕਿਸਾਨ ਰੇਲ ਪਟੜੀਆਂ ‘ਤੇ ਬੈਠ ਗਏ ਹਨ। ਫਿਲਹਾਲ ਸ਼ੰਭੂ ਬਾਰਡਰ ‘ਤੇ ਕਿਸਾਨ ਚੁੱਪਚਾਪ ਬੈਠੇ ਹਨ। ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਕੋਈ ਬਹੁਤੀ ਕਾਰਵਾਈ ਨਹੀਂ ਕੀਤੀ ਗਈ। ਦੂਜੇ ਪਾਸੇ ਸਰਹੱਦ ‘ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਹਨ। ਹਰਿਆਣਾ ਵਿੱਚ ਦਾਖ਼ਲੇ ਲਈ ਪੁਲੀਸ ਤੋਂ ਇਲਾਵਾ ਨੀਮ ਫ਼ੌਜੀ ਬਲਾਂ ਦੇ ਜਵਾਨ ਵੀ ਸਰਹੱਦਾਂ ’ਤੇ ਤਾਇਨਾਤ ਕੀਤੇ ਗਏ ਹਨ। ਦੂਜੇ ਪਾਸੇ ਸੁਰੱਖਿਆ ਲਈ ਤਾਇਨਾਤ ਬੀਐਸਐਫ ਦੇ ਜਵਾਨ ਬਿਮਾਰ ਪੈਣ ਲੱਗੇ ਹਨ। ਸੂਬੇ ਦੇ ਬਹਾਦਰਗੜ੍ਹ ‘ਚ 11 ਜਵਾਨਾਂ ਦੇ ਬੀਮਾਰ ਹੋਣ ਦੀ ਖ਼ਬਰ ਹੈ। ਇਨ੍ਹਾਂ ਜਵਾਨਾਂ ਨੂੰ ਬਹਾਦਰਗੜ੍ਹ ਦੇ ਟਰਾਮਾ ਸੈਂਟਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸੁਰੱਖਿਆ ਕਰਮਚਾਰੀ ਖਾਣਾ ਖਾ ਕੇ ਬੀਮਾਰ ਹੋ ਗਏ ਹਨ। ਹਰ ਕੋਈ ਢਿੱਲੀ ਮੋਸ਼ਨ ਦੀ ਸ਼ਿਕਾਇਤ ਕਰ ਰਿਹਾ ਹੈ ਅਤੇ ਹੁਣ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁੱਲ 11 ਜਵਾਨਾਂ ਦੀ ਸਿਹਤ ਵਿਗੜ ਗਈ ਹੈ। 5 ਸੈਨਿਕਾਂ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ ਅਤੇ 6 ਸੈਨਿਕ ਅਜੇ ਵੀ ਇਲਾਜ ਅਧੀਨ ਹਨ। ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਅਤੇ ਆਈਟੀਬੀਪੀ ਦੇ ਇਹ ਜਵਾਨ ਟਿੱਕਰੀ ਸਰਹੱਦ ਤੋਂ ਪਹਿਲਾਂ ਸੈਕਟਰ 9 ਮੋੜ ‘ਤੇ ਤਾਇਨਾਤ ਸਨ। ਗਰਲਜ਼ ਕਾਲਜ ਬਹਾਦਰਗੜ੍ਹ ਵਿਖੇ ਬੀਐਸਐਫ ਦੀ ਟੁਕੜੀ ਤਾਇਨਾਤ ਕੀਤੀ ਗਈ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਪੂਰੇ ਹਰਿਆਣਾ ‘ਚ ਕੁੱਲ 114 ਸੁਰੱਖਿਆ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਨ੍ਹਾਂ ਕੰਪਨੀਆਂ ਵਿੱਚੋਂ 64 ਪੈਰਾ ਮਿਲਟਰੀ ਬਲਾਂ ਦੀਆਂ ਅਤੇ 50 ਹਰਿਆਣਾ ਪੁਲਿਸ ਦੀਆਂ ਹਨ। ਇਹ ਜਵਾਨ ਲਗਾਤਾਰ ਤਿੰਨ ਦਿਨਾਂ ਤੋਂ ਸਰਹੱਦ ‘ਤੇ ਪਹਿਰਾ ਦੇ ਰਹੇ ਹਨ। ਦੱਸ ਦਈਏ ਕਿ ਦਿੱਲੀ ‘ਚ ਐਂਟਰੀ ਟਿੱਕਰੀ ਬਾਰਡਰ ਤੋਂ ਹੁੰਦੀ ਹੈ। ਵੀਰਵਾਰ ਨੂੰ ਕਿਸਾਨ ਅੰਦੋਲਨ ਦਾ ਤੀਜਾ ਦਿਨ ਹੈ। ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨ ਲਗਾਤਾਰ ਖੜ੍ਹੇ ਹਨ। ਪੁਲੀਸ ਦੇ ਸਖ਼ਤ ਪ੍ਰਬੰਧਾਂ ਕਾਰਨ ਪਿਛਲੇ 72 ਘੰਟਿਆਂ ਵਿੱਚ ਕਿਸਾਨ ਸਰਹੱਦ ਪਾਰ ਨਹੀਂ ਕਰ ਸਕੇ ਹਨ। ਹਾਲਾਂਕਿ ਇੱਥੇ ਕਿਸਾਨ ਦਿਨ-ਰਾਤ ਕੱਟ ਰਹੇ ਹਨ। ਇੱਥੇ ਹੀ ਉਨ੍ਹਾਂ ਦਾ ਭੋਜਨ ਅਤੇ ਪਾਣੀ ਉਪਲਬਧ ਹੈ। ਚੰਡੀਗੜ੍ਹ ਦੇ ਸੈਕਟਰ 26 ‘ਚ ਵੀਰਵਾਰ ਸ਼ਾਮ 5 ਵਜੇ ਸਰਕਾਰ ਅਤੇ ਕਿਸਾਨ ਇਕ ਵਾਰ ਫਿਰ ਗੱਲਬਾਤ ਕਰਨਗੇ। ਫਿਲਹਾਲ ਇਸ ਗੱਲਬਾਤ ਤੋਂ ਬਾਅਦ ਕਿਸਾਨ ਆਪਣੀ ਅਗਲੀ ਰਣਨੀਤੀ ਬਣਾਉਣਗੇ।