ਸ਼ੰਭੂ ਬਾਰਡਰ, 21 ਫਰਵਰੀ : ਪੰਜਾਬ ਕਿਸਾਨ ਮਜ਼ਦੂਰ ਸਮਿਤੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਮੁੱਦਿਆਂ 'ਤੇ ਚਰਚਾ ਕੀਤੀ ਜਾਵੇ ਜਾਂ ਫਿਰ ਕਿਸਾਨਾਂ ਨੂੰ ਸ਼ਾਂਤੀਪੂਰਵਕ ਦਿੱਲੀ ਕੂਚ ਕਰਨ ਦੀ ਬੇਨਤੀ ਕੀਤੀ। ਏਜੰਸੀ ਏਐੱਨਆਈ ਮੁਤਾਬਿਕ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਬਾਰਡਰ 'ਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਕਹਿ ਰਹੇ ਹਾਂ ਕਿ ਸਾਡੀ ਗੱਲ ਸੁਣਨਾ ਪ੍ਰਧਾਨ ਮੰਤਰੀ ਦੀ ਵੀ ਜ਼ਿੰਮੇਵਾਰੀ ਹੈ। ਅਸੀਂ ਵੀ ਉਨ੍ਹਾਂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣ ਲਈ ਵੋਟ ਪਾਈ ਹੈ। ਇਹ ਦੇਸ਼ ਸਾਰਿਆਂ ਦਾ ਹੈ, ਪ੍ਰਧਾਨ ਮੰਤਰੀ ਸਾਰਿਆਂ ਦਾ ਹੈ। ਉਨ੍ਹਾਂ ਨੂੰ ਅੱਗੇ ਆ ਕੇ ਸਥਿਤੀ ਨੂੰ ਸੰਭਾਲਣਾ ਚਾਹੀਦਾ ਹੈ ਤੇ ਸਾਡੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੀ ਕੋਸ਼ਿਸ਼ ਕੀਤੀ, ਮੀਟਿੰਗਾਂ 'ਚ ਹਿੱਸਾ ਲਿਆ ਅਤੇ ਹਰ ਮੁੱਦੇ 'ਤੇ ਗੱਲ ਕੀਤੀ। ਹੁਣ ਫੈਸਲਾ ਕੇਂਦਰ ਨੇ ਲੈਣਾ ਹੈ। ਪ੍ਰਧਾਨ ਮੰਤਰੀ ਅੱਗੇ ਆਉਣ ਅਤੇ ਸਾਡੀਆਂ ਮੰਗਾਂ ਮੰਨਣ। ਡੇਢ ਜਾਂ ਦੋ ਲੱਖ ਕਰੋੜ ਰੁਪਏ ਕੋਈ ਵੱਡੀ ਰਕਮ ਨਹੀਂ ਹੈ। ਕਰੀਬ 60 ਫੀਸਦੀ ਕਿਸਾਨ ਇਸ ਰਕਮ 'ਤੇ ਨਿਰਭਰ ਕਰਦੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ‘ਰੇੜਕੇ’ ਨੂੰ ਖਤਮ ਕਰਨ ਤੇ ਕਿਸਾਨਾਂ ਨੂੰ ਲੋਕਤੰਤਰਿਕ ਢੰਗ ਨਾਲ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਜੀ ਸੰਵਿਧਾਨ ਦੀ ਰੱਖਿਆ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ, ਤੁਸੀਂ ਤੁਸੀਂ ਸੰਵਿਧਾਨ ਦੀ ਰੱਖਿਆ ਕਰਦੇ ਹੋ, ਕਿਰਪਾ ਕਰਕੇ ਇਸ ਗੇਟ ਨੂੰ ਖੋਲ੍ਹੋ ਤੇ ਸਾਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦਿਉ। ਪੰਧੇਰ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਐੱਮਐੱਸਪੀ ਗਾਰੰਟੀ ਕਾਨੂੰਨ 'ਤੇ ਫੈਸਲਾ ਲੈਣ ਤੇ ਸਥਿਤੀ ਨੂੰ ਸ਼ਾਂਤ ਕਰਨ ਦੀ ਅਪੀਲ ਕੀਤੀ ਹੈ। ਅਸੀਂ ਕੇਂਦਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਨਾਲ ਬੈਠ ਕੇ ਸਾਡੇ ਮਸਲੇ ਹੱਲ ਕਰੇ। ਸਾਡੀਆਂ ਸਾਰੀਆਂ ਮੰਗਾਂ 'ਤੇ ਇਕ-ਇਕ ਕਰ ਕੇ ਵਿਚਾਰ ਕੀਤਾ ਗਿਆ ਹੈ ਤੇ ਹੁਣ ਫ਼ੈਸਲਾ ਲੈਣ ਦਾ ਸਮਾਂ ਹੈ। ਕਿਸਾਨ ਆਗੂ ਨੇ ਨੀਮ ਫੌਜੀ ਬਲਾਂ ਦੀ ਵਰਤੋਂ ਕਰ ਕੇ ਵਿਰੋਧ ਪ੍ਰਦਰਸ਼ਨ ਨਾਲ ਨਜਿੱਠਣ ਦੇ ਕੇਂਦਰ ਦੇ ਤਰੀਕੇ ਦੀ ਆਲੋਚਨਾ ਕੀਤੀ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਮਾਂ ਨਾ ਮਿਲਣ ਦੀ ਸ਼ਿਕਾਇਤ ਕਰਨਾ ਠੀਕ ਨਹੀਂ ਹੈ ਕਿਉਂਕਿ ਪਿਛਲੇ ਸਾਲ ਨਵੰਬਰ ਵਿੱਚ ਕਿਸਾਨਾਂ ਦੀ ਅਣਦੇਖੀ ਕਰਨ ਦਾ ਦੋਸ਼ ਲਾਉਂਦਿਆਂ ਰੋਸ ਪ੍ਰਦਰਸ਼ਨ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅਸੀਂ 7 ਨਵੰਬਰ ਨੂੰ ਧਰਨੇ ਦਾ ਸੱਦਾ ਦਿੱਤਾ ਸੀ ਅਤੇ ਉਸ ਤੋਂ ਲੈ ਕੇ ਅੱਜ ਤੱਕ ਜੇ ਸਰਕਾਰ ਕਹਿੰਦੀ ਹੈ ਕਿ ਉਨ੍ਹਾਂ ਕੋਲ ਸਮਾਂ ਨਹੀਂ ਹੈ ਤਾਂ ਮੈਨੂੰ ਲੱਗਦਾ ਹੈ ਕਿ ਇਹ ਸਰਕਾਰ ਦੀ ਨੀਤੀ ਹੈ, ਸਾਡੀ ਨਜ਼ਰ-ਅੰਦਾਜ਼ ਕਰਨ ਦੀ।