ਚੰਡੀਗੜ੍ਹ, 11 ਮਾਰਚ : ਲੋਕ ਸਭਾ ਚੋਣ 2024 ਨੂੰ ਲੈ ਕੇ ਆਮ ਆਦਮੀ ਪਾਰਟੀ ਅੱਜ ਪੰਜਾਬ ਚ ਚੋਣ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਕੁੱਝ ਹੋਰ ਵੀ ਆਗੂ ਉਨ੍ਹਾਂ ਨਾਲ ਮੌਜ਼ੂਦ ਹਨ। ਇਸ ਮੁਹਿੰਮ ਲਈ ਮੁਹਾਲੀ ਚ ਪਾਰਟੀ ਨੇ ਇੱਕ ਸਮਾਗਮ ਰੱਖਿਆ ਹੈ। ਇਸ ਮੌਕੇ ਉਨ੍ਹਾਂ ਨਾਅਰਾ ਦਿੱਤਾ ਹੈ ਕਿ ‘ਸੰਸਦ ‘ਚ ਵੀ ਭਗਵੰਤ ਮਾਨ, ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ’। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਕੇਜਰੀਵਾਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਇੱਕ ਅਜਿਹੇ ਕ੍ਰਾਂਤੀਕਾਰੀ ਆਗੂ ਹਨ ਜਿਨ੍ਹਾਂ ਨੇ ਸਿਆਸਤ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ, ਕਾਫ਼ਲਾ ਬਹੁਤ ਛੋਟਾ ਸੀ, ਪਰ ਹੌਂਸਲੇ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਨੇ ਵਿੱਤ ਮੰਤਰੀ ਹਰਪਾਲ ਚੀਮਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਬੀਤੇ ਦਿਨ ਪੰਜਾਬ ਦਾ ਬਹੁਤ ਵਧੀਆ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੰਜਾਬ ‘ਚ 13-0 ਨਾਲ ਹੀ ਹੋਵੇਗਾ ਅਤੇ ਸਕੋਰ ਕਰਨਾ ਬਹੁਤ ਜ਼ਰੂਰੀ ਹੈ, ਇਸ ਦੇ ਕਈ ਕਾਰਨ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਪੰਜਾਬ ਤੋਂ ਨਫਰਤ ਕਰਦੀ ਹੈ, ਉਹ ਕਦੇ ਵੀ ਪੰਜਾਬ ਨੂੰ ਰੰਗਲਾ ਪੰਜਾਬ ਨਹੀਂ ਬਣਨ ਦੇਣਾ ਚਾਹੁੰਦੀ। ਇਸ ਲਈ ਸਾਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਸਿਰਫ਼ ਆਰਡੀਐਫ ਦਾ 550 ਕਰੋੜ ਰੁਪਏ ਦਾ ਪੈਸਾ ਰੋਕਿਆ ਗਿਆ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਗਲਤੀ ਕਾਰਨ ਸਾਡਾ ਪੈਸਾ ਰੁਕ ਗਿਆ ਹੈ ਕਿਉਂਕਿ ਕੈਪਟਨ ਨੇ ਆਪਣੀ ਸਰਕਾਰ ਦੇ ਸ਼ਾਸਨਕਾਲ ‘ਚ ਜਿਸ ਪੈਸੇ ਲਈ ਪੈਸੇ ਲਏ ਸਨ, ਉਹ ਕਿਤੇ ਹੋਰ ਵਰਤ ਲਏ। ਇਸ ਕਾਰਨ ਸਾਨੂੰ ਭੁਗਤਾਨ ਕਰਨਾ ਪੈ ਰਿਹਾ ਜਿਸ ਕਾਰਨ ਸਾਡੇ ਪੈਸੇ ਰੁਕ ਗਏ ਹਨ। ਸੀਐਮ ਮਾਨ ਨੇ ਕਿਹਾ ਕਿ ਕੇਂਦਰ ਨੇ ਐਨਐਚਐਮ ਦਾ ਅੱਠ ਹਜ਼ਾਰ ਕਰੋੜ ਦਾ ਪੈਸਾ ਰੋਕ ਦਿੱਤਾ ਹੈ। ਸਾਡੇ ਕੋਲ ਬਹੁਤ ਸਾਰੇ ਕੰਮ ਹਨ ਜੋ ਪੰਜਾਬ ਵਿੱਚ ਹੋਣੇ ਹਨ, ਜੇਕਰ ਕੇਂਦਰ ਤੋਂ ਪੈਸਾ ਆ ਜਾਵੇ ਤਾਂ ਸਾਰੇ ਕੰਮ ਪੂਰੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਅਸੀਂ ਬੱਜਰੀ ਵਿੱਚੋਂ ਪੈਸਾ ਖਾਣ ਵਾਲੇ ਨਹੀਂ ਹਾਂ। ਜੇਕਰ ਤੁਸੀਂ ਸਾਨੂੰ ਪੰਜਾਬ ਲਈ 13 ਹੋਰ ਹੱਥ ਦਿਓ ਤਾਂ ਅਸੀਂ ਦਿੱਲੀ ਤੋਂ ਇੱਕ-ਇੱਕ ਪੈਸਾ ਵਾਪਸ ਲਿਆਵਾਂਗੇ। ਸੀਐਮ ਮਾਨ ਨੇ ਕਿਹਾ ਕਿ ਅਸੀਂ 90 ਫੀਸਦੀ ਘਰਾਂ ਵਿੱਚ ਬਿਜਲੀ ਮੁਫਤ ਕਰ ਦਿੱਤੀ ਹੈ। ਅਸੀਂ ਪੰਜਾਬ ਵਿੱਚ ਲਗਾਤਾਰ ਨੌਕਰੀਆਂ ਦੇ ਰਹੇ ਹਾਂ। ਸੀਐਮ ਮਾਨ ਨੇ ਕਿਹਾ ਕਿ ਸਮਾਂ ਆਉਣ ਵਾਲਾ ਹੈ ਜਦੋਂ ਪਹਿਲਾਂ ਪੰਜਾਬ ਦੀ ਝਾਂਕੀ ਦਿਖਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਮਾਂ ਕਦੋ ਬਦਲ ਜਾਵੇ ਕੋਈ ਨਹੀਂ ਜਾਣਦਾ ਕਿ ਸਾਡੀ ਸਰਕਾਰ ਝਾਂਕੀ ਲਈ ਹੋਵੇਗੀ ਜਾਂ ਨਹੀਂ। ਸਾਡੇ ਲੋਕ ਸਭਾ ਦੇ ਕੈਪਟਨ ਅਰਵਿੰਦ ਕੇਜਰੀਵਾਲ ਹਨ, ਉਹ ਜਿੱਥੇ ਵੀ ਡਿਊਟੀ ਲਗਾਉਣਗੇ ਅਸੀਂ ਕੰਮ ਕਰਾਂਗੇ। ਸੀਐਮ ਭਾਵੁਕ ਹੋ ਗਏ ਅਤੇ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੇ ਨਾਂ ‘ਤੇ ਕੋਈ ਨਾਅਰਾ ਲੱਗੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਨੇ ਸਾਨੂੰ 117 ਵਿੱਚੋਂ 92 ਸੀਟਾਂ ਦਿੱਤੀਆਂ ਹਨ। ਹੁਣ ਦੂਜੀ ਵੱਡੀ ਚੋਣ ਆ ਰਹੀ ਹੈ, ਇਸ ਲਈ ਸਾਨੂੰ ਹੁਣ ਤੁਹਾਡੇ ਪਿਆਰ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਅਸੀਂ ਇਹ ਸੀਟ ਆਪਣੇ ਲਈ ਨਹੀਂ ਮੰਗ ਰਹੇ ਸਗੋਂ ਪੰਜਾਬ ਦੇ ਲੋਕਾਂ ਲਈ ਇਹ ਸੀਟ ਬਹੁਤ ਮਹੱਤਵਪੂਰਨ ਹੈ। ਇਨ੍ਹਾਂ ਰਾਹੀਂ ਹੀ ਪੰਜਾਬ ਮੁੜ ਰੰਗਲਾ ਬਣੇਗਾ। ਇਨ੍ਹਾਂ ਰਾਹੀਂ ਹੀ ਪੰਜਾਬ ਦਾ ਵਿਕਾਸ ਹੋਵੇਗਾ।