ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਕੂਲ ਸਿੱਖਿਆ ਵਿਭਾਗ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਵਿੱਦਿਅਕ ਪਾਰਕ ਸਥਾਪਤ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਰਕਾਰ ਦੇ ਇਸ ਉਪਰਾਲੇ ਤਹਿਤ ਸਰਕਾਰੀ ਸਕੂਲਾਂ ਵਿੱਚ ਵਿੱਦਿਆ ਹਾਸਲ ਕਰ ਰਹੇ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਹੁਲਾਰਾ ਦੇਣ ਲਈ ਸਕੂਲ ਕੈਂਪਸ ਵਿੱਚ ਵਿੱਦਿਅਕ ਪਾਰਕ ਬਣਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਚਰਚਾ ਮੰਚ ਅਤੇ ਆਇਡੀਆ ਪੁਆਇੰਟ ਵੀ ਸਥਾਪਤ ਕੀਤੇ ਜਾਣਗੇ। ਸ. ਬੈਂਸ ਨੇ ਦੱਸਿਆ ਕਿ ਇਸ ਕਾਰਜ ਲਈ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨਅੀਰ ਸੈਕੰਡਰੀ ਸਕੂਲਾਂ ਨੂੰ 11 ਕਰੋੜ 79 ਲੱਖ 20 ਹਜ਼ਾਰ ਰੁਪਏ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ। 7392 ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ 7 ਕਰੋੜ 39 ਲੱਖ 20 ਹਜ਼ਾਰ ਰੁਪਏ ਦੀ ਗ੍ਰਾਂਟ ਅਤੇ 3783 ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ 4 ਕਰੋੜ 40 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਨ੍ਹਾਂ ਵਿੱਦਿਅਕ ਪਾਰਕਾਂ ਰਾਹੀਂ ਵਿਦਿਆਰਥੀਆਂ ਦੇ ਭੂਗੋਲਿਕ, ਵਿਗਿਆਨਿਕ ਅਤੇ ਗਣਿਤਿਕ ਦ੍ਰਿਸ਼ਟੀਕੋਣ ਵਿੱਚ ਵਾਧਾ ਹੋਵੇਗਾ। ਇਹਨਾਂ ਵਿੱਦਿਅਕ ਪਾਰਕਾਂ ਵਿੱਚ ਤਿਆਰ ਕੀਤੇ ਜਾਣ ਵਾਲੇ ਮਾਡਲ ਪਾਠਕ੍ਰਮ ‘ਤੇ ਅਧਾਰਿਤ ਹੋਣਗੇ ਅਤੇ ਵਿਦਿਆਰਥੀ ਆਪਣੇ ਹੱਥੀ ਕਿਰਿਆਵਾਂ ਕਰਕੇ ਵੱਖ-ਵੱਖ ਵਿਸ਼ਿਆਂ ਦੇ ਸਿਧਾਂਤਾਂ ਨੂੰ ਅਸਾਨੀ ਨਾਲ ਸਿੱਖ ਸਕਣਗੇ। ਇਹਨਾਂ ਵਿੱਦਿਅਕ ਪਾਰਕਾਂ ਵਿੱਚ ਇੱਕ ਸਥਾਨ ‘ਤੇ ਸਕੂਲ ਦੇ ਵਿਦਿਆਰਥੀਆਂ ਲਈ ਆਇਡੀਆ ਬਕਸਾ ਵੀ ਰੱਖਿਆ ਜਾਵੇਗਾ ਜਿਸ ਵਿੱਚ ਵਿਦਿਆਰਥੀ ਵਿਚਾਰ ਮੰਚ ‘ਤੇ ਚਰਚਾ ਕਰਕੇ ਆਪਣੇ ਉਤਪੰਨ ਹੋਏ ਵਿਚਾਰਾਂ ਨੂੰ ਲਿਖ ਕੇ ਇਕੱਤਰ ਕਰਨਗੇ।