- ਕੈਬਿਨੇਟ ਮੰਤਰੀ ਹੇਅਰ ਵੀ ਰਹੇ ਮੌਜੂਦ, ਕਿਹਾ- ਜੀਪੀ ਦੀ ਮੌਜੂਦਗੀ ਫਤਹਿਗੜ੍ਹ ਸਾਹਿਬ ਵਿੱਚ ਪਾਰਟੀ ਨੂੰ ਮਜ਼ਬੂਤ ਕਰੇਗੀ
- ਮੁੱਖ ਮੰਤਰੀ ਮਾਨ ਅਤੇ ਆਪ ਆਗੂ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ, ‘ਆਪ’ ਆਮ ਲੋਕਾਂ ਦੇ ਨੁਮਾਇੰਦਿਆਂ ਦੀ ਪਾਰਟੀ ਹੈ: ਗੁਰਪ੍ਰੀਤ ਸਿੰਘ ਜੀਪੀ
ਚੰਡੀਗੜ੍ਹ, 9 ਮਾਰਚ : ਆਮ ਆਦਮੀ ਪਾਰਟੀ (ਆਪ) ਨੇ ਸ਼ਨੀਵਾਰ ਨੂੰ ਪੰਜਾਬ ਵਿੱਚ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਉਨ੍ਹਾਂ ਦੇ ਉੱਘੇ ਦਲਿਤ ਆਗੂ ਅਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਮੌਜੂਦਗੀ ਵਿੱਚ ‘ਆਪ’ ਵਿੱਚ ਸ਼ਾਮਲ ਹੋ ਗਏ। ਜੀਪੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਨ। ‘ਆਪ’ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਕੋਈ ਅਨੁਸ਼ਾਸਨ ਨਹੀਂ ਹੈ। ਉਨ੍ਹਾਂ ਨੂੰ ਹਰਾਉਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਰਾ ਨੂੰ ਮੈਦਾਨ ਵਿੱਚ ਉਤਾਰਿਆ। ਹਾਈਕਮਾਂਡ ਵੀ ਨਹੀਂ ਸੁਣਦੀ। ਜਦੋਂ ਉਹ ਪਿੰਡਾਂ ਵਿੱਚ ਜਾਂਦੇ ਹਨ ਤਾਂ ਆਮ ਲੋਕ ਪੁੱਛਦੇ ਹਨ ਕਿ ਪੰਜਾਬ ਕਾਂਗਰਸ ਦੇ ਆਗੂ ਆਪਸ ਵਿੱਚ ਕਿਉਂ ਲੜਦੇ ਰਹਿੰਦੇ ਹਨ। ਜੀਪੀ ਨੇ ਕਿਹਾ ਕਿ ਕਾਂਗਰਸ ਵਿੱਚ ਭਾਈ-ਭਤੀਜਾਵਾਦ ਹੈ। ਹਰ ਆਗੂ ਆਪਣੇ ਪਰਿਵਾਰ ਬਾਰੇ ਸੋਚਦਾ ਹੈ। ਪਰ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਨੁਮਾਇੰਦਿਆਂ ਦੀ ਪਾਰਟੀ ਹੈ, ਇਸੇ ਲਈ ਉਹ ਅੱਜ ‘ਆਪ’ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਮਾਨ ਨੇ ਰਸਮੀ ਤੌਰ ‘ਤੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ। ਜੀਪੀ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮ ਅਤੇ ਕਾਰਜਸ਼ੈਲੀ ਪਸੰਦ ਹੈ। ‘ਆਪ’ ਆਮ ਲੋਕਾਂ ਦੀ ਪਾਰਟੀ ਹੈ ਅਤੇ ‘ਆਪ’ ਦੇ ਸਾਰੇ ਆਗੂ ਜ਼ਮੀਨ ‘ਤੇ ਕੰਮ ਕਰਦੇ ਹਨ। ਗੁਰਪ੍ਰੀਤ ਸਿੰਘ ਜੀਪੀ ਦਾ ਆਮ ਆਦਮੀ ਪਾਰਟੀ ਵਿੱਚ ਸਵਾਗਤ ਕਰਨ ਲਈ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਜੀਪੀ ਦੀ ਮੌਜੂਦਗੀ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਵਿੱਚ ਪਾਰਟੀ ਨੂੰ ਮਜ਼ਬੂਤ ਕਰੇਗੀ। ਹੇਅਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੀ ਕਾਰਜਸ਼ੈਲੀ ਪਹਿਲਾਂ ਹੀ ‘ਆਪ’ ਨਾਲ ਮੇਲ ਖਾਂਦੀ ਹੈ ਅਤੇ ਲੋਕਾ ਉਨਾਂ ਨੂੰ ਪਸੰਦ ਵੀ ਕਰਦੇ ਹਨ।