ਚੰਡੀਗੜ੍ਹ, 29 ਮਾਰਚ : ਮੌਸਮ ਵਿਭਾਗ ਨੇ ਪੰਜਾਬ ‘ਚ ਸ਼ਨੀਵਾਰ ਅਤੇ ਐਤਵਾਰ ਲਈ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਦੋ ਦਿਨਾਂ ਦੌਰਾਨ ਪੰਜਾਬ ਵਿੱਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਗੜੇਮਾਰੀ ਅਤੇ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਮਾਹਿਰ ਸ਼ਵਿੰਦਰਾ ਅਨੁਸਾਰ ਮੀਂਹ ਕਾਰਨ ਦਿਨ ਦਾ ਤਾਪਮਾਨ ਤਿੰਨ ਤੋਂ ਚਾਰ ਡਿਗਰੀ ਤੱਕ ਹੇਠਾਂ ਆ ਸਕਦਾ ਹੈ। ਪਰ ਇਸ ਤੋਂ ਬਾਅਦ ਸੋਮਵਾਰ ਤੋਂ ਵੱਧ ਤੋਂ ਵੱਧ ਤਾਪਮਾਨ ਫਿਰ ਵਧ ਜਾਵੇਗਾ। ਹਾਲਾਂਕਿ ਸ਼ੁੱਕਰਵਾਰ ਨੂੰ ਪੰਜਾਬ ਦੇ ਕੁਝ ਹਿੱਸਿਆਂ ‘ਚ ਹੋਈ ਹਲਕੀ ਬਾਰਿਸ਼ ਕਾਰਨ ਘੱਟੋ-ਘੱਟ ਤਾਪਮਾਨ ‘ਚ 1.6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਇਹ ਹੁਣ ਆਮ ਦੇ ਨੇੜੇ ਪਹੁੰਚ ਗਿਆ ਹੈ। ਲੁਧਿਆਣਾ ਘੱਟੋ-ਘੱਟ ਤਾਪਮਾਨ 15 ਡਿਗਰੀ ਦੇ ਨਾਲ ਸਭ ਤੋਂ ਠੰਢਾ ਰਿਹਾ। ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਨਾਲ ਪਟਿਆਲਾ ਸਭ ਤੋਂ ਗਰਮ ਰਿਹਾ। ਮਾਹਿਰ ਸ਼ਵਿੰਦਰਾ ਅਨੁਸਾਰ ਪੰਜਾਬ ਵਿੱਚ ਫਿਲਹਾਲ ਗਰਮ ਹਵਾਵਾਂ ਦਾ ਕਹਿਰ ਸ਼ੁਰੂ ਨਹੀਂ ਹੋਇਆ ਹੈ। ਪਰ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਵੱਧ ਹੋਣ ਕਾਰਨ ਗਰਮੀ ਵਧ ਰਹੀ ਹੈ।