ਜਗਰਾਓਂ, 06 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਬੀਤੀ ਦੇਰ ਰਾਤ ਜਨਮ ਦਿਨ ਦੀ ਪਾਰਟੀ ਕਰਨ ਉਪਰੰਤ ਇੱਕ ਕਾਰ ’ਚ ਸਵਾਰ ਚਾਰ ਨੌਜਵਾਨ ਆਪਣੇ ਪਿੰਡ ਲੱਖਾ ਵਾਪਸ ਜਾ ਰਹੇ ਸਨ, ਜਦੋਂ ਉਹ ਪਿੰਡ ਡੱਲਾ ਕੋਲੋਂ ਲੰਘਦੀ ਨਹਿਰ ਤੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਨਹਿਰ ਵਿੱਚ ਡਿੱਗ ਗਈ। ਜਦੋਂ ਇਸ ਘਟਨਾਂ ਬਾਰੇ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਘਟਨਾਂ ਵਾਲੀ ਜਗ੍ਹਾ ਤੇ ਪੁੱਜੇ, ਜਿੰਨ੍ਹਾਂ ਨੇ ਜੱਦੋ ਜਹਿਦ ਨਾਲ ਦੋ ਨੌਜਵਾਨਾਂ ਨੂੰ ਸੁਰੱਖਿਅਤ ਨਹਿਰ ਵਿੱਚੋਂ ਬਾਹਰ ਕੱਢ ਲਿਆ ਅਤੇ ਦੋ ਨੌਜਵਾਨਾਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਲੱਖਾ ਦੇ ਰਹਿਣ ਵਾਲੇ ਨੌਜਵਾਨ ਦਿਲਪ੍ਰੀਤ ਸਿੰਘ ਦਾ ਜਨਮ ਦਿਨ ਸੀ। ਉਹ ਜਨਮ ਦਿਨ ਮੌਕੇ ਆਪਣੇ ਹੋਰ ਦੋਸਤਾਂ ਨਾਲ ਪਿੰਡ ਡੱਲਾ ਦੇ ਇਕ ਰੈਸਟੋਰੈਂਟ ਵਿੱਚ ਪਾਰਟੀ ਕਰਕੇ ਵਾਪਸ ਆ ਰਿਹਾ ਸੀ। ਪਾਰਟੀ ਤੋਂ ਬਾਅਦ ਚਾਰੇ ਦੋਸਤ ਆਪਣੀ ਜ਼ੈੱਨ ਕਾਰ 'ਚ ਸਵਾਰ ਹੋ ਕੇ ਪਿੰਡ ਡੱਲਾ ਵੱਲ ਨੂੰ ਚਲੇ ਗਏ। ਉਨ੍ਹਾਂ ਦੀ ਕਾਰ ਦੀ ਰਫ਼ਤਾਰ ਜ਼ਿਆਦਾ ਹੋਣ ਕਾਰਨ ਕਾਰ ਨਹਿਰ 'ਚ ਜਾ ਡਿੱਗੀ। ਹਾਦਸੇ ਦਾ ਪਤਾ ਲੱਗਦੇ ਹੀ ਪਿੰਡ ਦੇ ਲੋਕ ਵੱਡੀ ਗਿਣਤੀ 'ਚ ਇਕੱਤਰ ਹੋ ਗਏ ਤੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਵੀ ਉਕਤ ਘਟਨਾ ਦੀ ਅਨਾਊਂਸਮੈਂਟ ਕਰਵਾਈ ਗਈ। ਪਿੰਡ ਵਾਸੀਆਂ ਨੇ ਜਦੋਜਹਿਦ ਕਰਦਿਆਂ ਦਿਲਪ੍ਰੀਤ ਸਮੇਤ ਉਸ ਦੇ ਇਕ ਦੋਸਤ ਨੂੰ ਸੁਰੱਖਿਅਤ ਬਾਹਰ ਕੱਢ ਲਿਆ, ਜਦਕਿ ਦੇਰ ਰਾਤ ਤਕ ਕਈ ਕੋਸ਼ਿਸ਼ਾਂ ਦੇ ਬਾਵਜੂਦ ਦੋ ਹੋਰ ਦੋਸਤਾਂ ਦਾ ਕੁੱਝ ਪਤਾ ਨਾ ਲੱਗਾ।