ਜਲੰਧਰ, 19 ਅਗਸਤ : ਪੰਜਾਬ ਪੁਲਿਸ ਦੇ ਸਪੈਸ਼ਲ ਡੀਜੀ ਅਰਪਿਤ ਸ਼ੁਕਲਾ ਅਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਅਧਿਕਾਰੀਆਂ ਦਰਮਿਆਨ ਸਰਹੱਦ ਪਾਰੋਂ ਆਉਣ ਵਾਲੇ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਰੋਕਥਾਮ ਸਬੰਧੀ ਮੀਟਿੰਗ ਹੋਈ। ਇਸ ਦਾ ਮਕਸਦ ਦੂਜੀ ਪਰਤ ਦੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਸੀ। ਇਸ ਵਿੱਚ ਫੈਸਲਾ ਕੀਤਾ ਗਿਆ ਕਿ ਸਰਹੱਦੀ ਖੇਤਰ ਵਿੱਚ ਉੱਚ ਤਕਨੀਕੀ ਸੁਰੱਖਿਆ ਵਾਲੇ ਸੀਸੀਟੀਵੀ ਕੈਮਰੇ ਲਗਾਏ ਜਾਣ ਤਾਂ ਜੋ ਸਰਹੱਦ ਤੋਂ ਹੋ ਰਹੀਆਂ ਗਤੀਵਿਧੀਆਂ ਬਾਰੇ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਸਕੇ। ਪੰਜਾਬ ਸਰਕਾਰ ਨੇ 20 ਕਰੋੜ ਦੀ ਰਾਸ਼ੀ ਦਿੱਤੀ ਹੈ। ਪੰਜਾਬ ਪੁਲਿਸ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਯੋਜਨਾ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਸ਼ੁਕਲਾ ਨੇ ਕਿਹਾ ਕਿ ਪੰਜਾਬ ਪੁਲਿਸ ਬੀ.ਐਸ.ਐਫ ਦੇ ਨਾਲ ਮਿਲ ਕੇ ਸਰਹੱਦੀ ਗਤੀਵਿਧੀਆਂ ਅਤੇ ਡਰੋਨਾਂ ਰਾਹੀਂ ਆਉਣ ਵਾਲੇ ਨਸ਼ਿਆਂ ਨੂੰ ਰੋਕਣ ਲਈ ਮੁਸਤੈਦੀ ਦਿਖਾ ਰਹੀ ਹੈ। ਡਾ: ਅਤੁਲ (ਆਈ.ਜੀ. ਬੀ.ਐਸ.ਐਫ. ਬਾਰਡਰ ਰੇਂਜ ਜਲੰਧਰ) ਨੇ ਦੱਸਿਆ ਕਿ ਇਸ ਸਾਲ 34 ਡਰੋਨਾਂ ਨੂੰ ਰੋਕਿਆ ਗਿਆ ਹੈ ਅਤੇ 735 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਹੈ। 204 ਵੱਡੇ ਨਸ਼ਾ ਤਸਕਰ ਵੀ ਫੜੇ ਗਏ ਹਨ। ਪੰਜਾਬ ਪੁਲਿਸ ਅਤੇ ਬੀਐਸਐਫ ਸਰਹੱਦ ਪਾਰੋਂ ਆਉਂਦੀ ਹੈਰੋਇਨ ਦੀ ਖੇਪ ਨੂੰ ਲੈ ਕੇ ਸਰਹੱਦੀ ਜ਼ੋਨ ਵਿੱਚ ਸਾਂਝਾ ਆਪ੍ਰੇਸ਼ਨ ਚਲਾਉਣ ਲਈ ਰਾਜ਼ੀ ਹੋ ਗਏ ਹਨ।