ਚੰਡੀਗੜ੍ਹ, 05 ਜੂਨ : ਸ਼੍ਰੋਮਣੀ ਅਕਾਲੀ ਦਲ ਤੋਂ ਬਿਨ੍ਹਾਂ ਪੰਜਾਬ ਵਿੱਚ ਪਹਿਲੀ ਵਾਰ ਇੱਕਲੇ ਚੋਣ ਲੜ੍ਹ ਰਹੀ ਭਾਜਪਾ ਦਾ ਭਾਵੇਂ ਕੋਈ ਉਮੀਦਵਾਰ ਚੋਣ ਨਹੀਂ ਜਿੱਤ ਸਕਿਆ, ਪਰ ਜੇਕਰ ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਪਾਰਟੀ ਦੀ ਕਾਰਗੁਜ਼ਾਰੀ ਵਿਰੋਧ ਹੋਣ ਦੇ ਬਾਵਜੂਦ ਵੀ ਵਧੀਆ ਰਹੀ ਹੈ। ਜੇਕਰ ਬੀਤੇ ਕੱਲ੍ਹ ਆਏ ਚੋਣ ਨਤੀਜਿਆਂ ਬਾਰੇ ਗੱਲ ਕਰੀਏ ਤਾਂ ਭਾਜਪਾ ਵੱਲੋਂ ਚੋਣ ਮੈਦਾਨ ‘ਚ ਉਤਾਰੇ ਉਮੀਦਵਾਰਾਂ ਨੇ ਲੁਧਿਆਣਾ, ਗੁਰਦਾਸਪੁਰ ਅਤੇ ਜਲੰਧਰ ਵਿੱਚ ਜਿੱਤਣ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਟੱਕਰ ਦਿੰਦੇ ਹੋਏ ਵੱਡੀ ਗਿਣਤੀ ‘ਚ ਵੋਟਾਂ ਹਾਸਲ ਕੀਤੀਆਂ ਹਨ। ਸੂਬੇ ਵਿੱਚ ਕਿਸਾਨਾਂ ਵੱਲੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸ, ਤਰਨਜੀਤ ਸਿੰਘ ਸੰਧੂ ਅਤੇ ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ ਦਾ ਕਾਫੀ ਵਿਰੋਧ ਕੀਤਾ ਗਿਆ. ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ ਨਹੀਂ ਜਾਣ ਦਿੱਤਾ ਗਿਆ। ਪੰਜਾਬ ਦੀ ਇੱਕ ਲੋਕ ਸਭਾ ਸੀਟ ਨੂੰ ਛੱਡ ਕੇ ਤਕਰੀਬਨ ਸਾਰੀਆਂ ਸੀਟਾਂ ਤੇ ਭਾਜਪਾ ਉਮੀਦਵਾਰਾਂ ਨੂੰ ਇੱਕ ਲੱਖ ਤੋਂ ਜਿਆਦਾ ਵੋਟਾਂ ਮਿਲੀਆਂ ਹਨ। ਜੇਕਰ ਹਲਕਾ ਲੁਧਿਆਣਾ ਬਾਰੇ ਗੱਲ ਕਰੀਏ ਤਾਂ ਰਵਨੀਤ ਸਿੰਘ ਬਿੱਟੂ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ ਹਨ। ਉਨ੍ਹਾਂ ਤੋਂ ਇਲਾਵਾ ਭਾਜਪਾ ਦੇ 9 ਉਮੀਦਵਾਰ ਆਪਣੀ ਜਮਾਨਤ ਬਚਾਉਣ ਵਿੱਚ ਵੀ ਕਾਮਯਾਬ ਹੋਏ ਹਨ। ਜਿੱਥੇ ਮੰਨਿਆ ਜਾਂਦਾ ਸੀ ਕਿ ਭਾਜਪਾ ਦਾ ਪੰਜਾਬ ਵਿੱਚ ਇੱਕਲੇ ਚੋਣ ਲੜਨਾਂ ਜਿਆਦਾ ਵਧੀਆ ਨਹੀਂ ਰਹੇਗਾ, ਉੱਥੇ ਭਾਜਪਾ ਨੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪਛਾੜਦਿਆਂ 18 ਫੀਸਦੀ ਵੋਟ ਸ਼ੇਅਰ ਹਾਸਲ ਕੀਤਾ ਹੈ। ਜਿਸ ਤੋਂ ਉਮੀਦ ਲਗਾਈ ਜਾ ਸਕਦੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਤੀਜੇ ਬਦਲ ਵਜੋਂ ਤਿਆਰ ਹੈ।