ਚੰਡੀਗੜ੍ਹ, 04 ਜੂਨ : ਲੋਕ ਸਭਾ ਚੋਣਾਂ 2024 ਦੇ ਨਤੀਜੇ ਆ ਗਏ ਹਨ। ਜੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਨੂੰ ਇਸ ਵਾਰ ਵੱਡਾ ਝਟਕਾ ਲੱਗਾ ਹੈ। ਅਕਾਲੀ ਦਲ ਦੇ 10 ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਖਡੂਰ ਸਾਹਿਬ, ਫਰੀਦਕੋਟ, ਹੁਸ਼ਿਆਰਪੁਰ, ਅਨੰਦਪੁਰ ਸਾਹਿਬ, ਸੰਗਰੂਰ, ਜਲੰਧਰ, ਪਟਿਆਲਾ, ਲੁਧਿਆਣਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ ਹੈ। ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਇਸ ਵਾਰ ਕਾਂਗਰਸ ਨੂੰ 7, ਆਮ ਆਦਮੀ ਪਾਰਟੀ ਨੂੰ 3 ਤੇ ਅਕਾਲੀ ਦਲ ਨੂੰ ਸਿਰਫ ਇੱਕ ਸੀਟ ਮਿਲੀ ਹੈ। ਪੰਜਾਬ ਦੇ ਵੋਟਰਾਂ ਨੇ ਦੋ ਸੀਟਾਂ ਉਪਰ ਰਵਾਇਤੀ ਪਾਰਟੀਆਂ ਨੂੰ ਨਾਕਾਰਦਿਆਂ ਆਜ਼ਾਦ ਉਮੀਦਵਾਰ ਉਪਰ ਭਰੋਸਾ ਜਤਾਇਆ ਹੈ। ਪੰਜਾਬ ਵਿੱਚ ਬੇਸ਼ੱਕ ਬੀਜੇਪੀ ਖਾਤਾ ਵੀ ਨਹੀਂ ਖੋਲ੍ਹ ਸਕੀ ਪਰ ਆਪਣੀ ਵੋਟ ਪ੍ਰਤੀਸ਼ਤਤਾ ਵਧਾਈ ਹੈ। ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਡਾ ਝਟਕਾ ਸ਼੍ਰੋਮਣੀ ਅਕਾਲੀ ਦਲ ਨੂੰ ਲੱਗਾ। ਹੁਣ ਅਕਾਲੀ ਦਲ ਬੀਜੇਪੀ ਨਾਲੋਂ ਵੀ ਛੋਟੀ ਪਾਰਟੀ ਬਣ ਗਿਆ ਹੈ। ਕਿਸੇ ਵੇਲੇ ਪੰਜਾਬ ਦੀ ਮੁੱਖ ਪਾਰਟੀ ਰਹੇ ਅਕਾਲੀ ਦਲ ਕੋਲ ਸਿਰਫ 13.56 ਫੀਸਦੀ ਵੋਟ ਰਹਿ ਗਏ ਹਨ। ਦੂਜੇ ਪਾਸੇ ਬੀਜੇਪੀ ਕੋਲ ਹੁਣ ਪੰਜਾਬ ਵਿੱਚ 18.31 ਫੀਸਦੀ ਵੋਟ ਹਨ। ਇਸ ਤਰ੍ਹਾਂ ਅਕਾਲੀ ਦਲ ਦੇ ਹੱਥੋਂ ਪੰਥਕ ਵੋਟ ਖਿਸਕ ਗਈ ਹੈ। ਇਸ ਤੋਂ ਇਲਾਵਾ ਕਾਂਗਰਸ ਨੇ ਚਾਹੇ ਸੱਤ ਸੀਟਾਂ ਜਿੱਤ ਕੇ ਸੱਤਾਧਿਰ ਆਮ ਆਦਮੀ ਪਾਰਟੀ ਨੂੰ ਝਟਕਾ ਦਿੱਤੀ ਹੈ ਪਰ ਵੋਟ ਪ੍ਰਤੀਸ਼ਤਤਾ ਦੋਵਾਂ ਪਾਰਟੀਆਂ ਦੀ ਇੱਕੋ ਜਿੰਨੀ ਸਾਢੇ 26 ਫੀਸਦੀ ਹੀ ਰਹੀ ਹੈ।