ਨਵਾਂ ਸ਼ਹਿਰ, 02 ਜੁਲਾਈ : ਨੇੜਲੇ ਪਿੰਡ ਥਾਂਦੀਆਂ ‘ਚ ਨੈਸ਼ਨਲ ਹਾਈਵੇ ਤੇ ਬਣੇ ਰਾਧਾ ਸੁਆਮੀ ਸੰਤਸੰਗ ਘਰ ਦੇ ਬਾਹਰ ਖੜ੍ਹੇ ਕੁੱਲ਼ ਲੋਕਾਂ ਨੂੰ ਇੱਕ ਤੇਜ਼ ਰਫਤਾਰ ਸਵਿਫਟ ਕਾਰ ਨੇ ਆਪਣੀ ਲਪੇਟ ‘ਚ ਲੈ ਲਿਆ, ਜਿਸ ਕਾਰਨ 2 ਵਿਅਕਤੀਆਂ ਅਤੇ ਇੱਕ ਔਰਤ ਦੀ ਮੌਤ ਹੋ ਗਈ। ਜਦੋਂ ਕਿ ਦੋ ਗੰਭੀਰ ਜਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਫਗਵਾੜਾ ਤੋਂ ਨਵਾਂ ਸ਼ਹਿਰ ਵੱਲ ਨੂੰ ਆ ਰਹੀ ਇੱਕ ਤੇਜ਼ ਰਫਤਾਰ ਸਵਿਫਟ ਕਾਰ ਪਿੰਡ ਥਾਂਦੀਆਂ ‘ਚ ਬਣੇ ਰਾਧਾ ਸੁਆਮੀ ਸੰਤਸੰਗ ਘਰ ਦੇ ਨਜ਼ਦੀਕ ਆ ਕੇ ਆਪਣਾ ਸੰਤੁਲਨ ਗੁਆ ਬੈਠੀ ਅਤੇ ਸੰਤਸੰਗ ਘਰ ਦੇ ਬਾਹਰ ਖੜ੍ਹੇ ਲੋਕਾਂ ਨੂੰ ਆਪਣੀ ਲਪੇਟ ‘ਚ ਲੈ ਲਿਆ, ਇਸ ਹਾਦਸੇ ‘ਚ ਭੁਪਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਬੰਗਾ, ਅਮਰ ਨਾਥ ਪੁੱਤਰ ਜਗਤ ਰਾਮ ਵਾਸੀ ਪਿੰਡ ਗੋਸਲਾਂ, ਸੋਨੂੰ ਬਾਲਾ ਪਤਨੀ ਜਗਦੀਪ ਪੁੰਨ ਵਾਸੀ ਬੰਗਾ, ਅੰਕਿਤਾ ਪੁੱਤਰੀ ਜਗਦੀਪ ਪੂੰਨ, ਅਵਤਾਰ ਚੰਦ ਵਾਸੀ ਦੁਸਾਂਝ ਖੁਰਦ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਮੌਕੇ ਮੌਜ਼ੂਦ ਲੋਕਾਂ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਭੁਪਿੰਦਰ ਸਿੰਘ, ਸੋਨੂੰ ਬਾਲਾ ਅਤੇ ਅਮਰਨਾਥ ਦੀ ਹਾਲਤ ਗੰਭੀਰ ਦੇਖਦਿਆਂ ਅੱਗੇ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾਂ ਸਬੰਧੀ ਸੂਚਨਾਂ ਮਿਲਦੇ ਸਥਾਨਕ ਪੁਲਿਸ ਮੌਕੇ ਤੇ ਪੁੱਜੀ ਅਤੇ ਘਟਨਾਂ ਦਾ ਜਾਇਜਾ ਲਿਆ। ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਾਰ ਚਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ, ਬਾਕੀ ਜਾਂਚ ਪੜਤਾਲ ਜਾਰੀ ਹੈ।