ਚੰਡੀਗੜ੍ਹ, 20 ਦਸੰਬਰ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਸ਼ੁਰੂ ਕੀਤੀ ਗਈ ਕਿਫ਼ਾਇਤੀ ਵਾਲਵੋ ਬੱਸ ਸੇਵਾ ਦਾ ਹੁਣ ਤੱਕ 72,378 ਹਜ਼ਾਰ ਸਵਾਰੀਆਂ ਲਾਹਾ ਲੈ ਚੁੱਕੀਆਂ ਹਨ ਜਿਸ ਤੋਂ ਸੂਬਾ ਸਰਕਾਰ ਨੂੰ ਲਗਭਗ 13.89 ਕਰੋੜ ਰੁਪਏ ਦੀ ਆਮਦਨ ਹੋਈ ਹੈ। ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ 15 ਜੂਨ ਨੂੰ ਪੰਜਾਬ ਤੋਂ ਬੱਸ ਸੇਵਾ ਦਾ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਸੀ। ਉਦੋਂ ਤੋਂ ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ.ਆਰ.ਟੀ.ਸੀ. ਦੀਆਂ 25 ਵਾਲਵੋ ਬੱਸਾਂ ਰੋਜ਼ਾਨਾ ਅੰਮ੍ਰਿਤਸਰ, ਪਠਾਨਕੋਟ, ਲੁਧਿਆਣਾ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਪਟਿਆਲਾ, ਨਵਾਂਸ਼ਹਿਰ, ਰੋਪੜ, ਮੋਗਾ ਅਤੇ ਚੰਡੀਗੜ੍ਹ ਤੋਂ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ਤੱਕ ਚੱਲ ਰਹੀਆਂ ਹਨ। ਕੈਬਨਿਟ ਮੰਤਰੀ ਨੇ ਦੱਸਿਆ ਕਿ 15 ਜੂਨ ਤੋਂ 30 ਨਵੰਬਰ ਤੱਕ ਪੀ.ਆਰ.ਟੀ.ਸੀ. ਦੀਆਂ ਵਾਲਵੋ ਬੱਸਾਂ ਵਿੱਚ 24,302 ਸਵਾਰੀਆਂ ਨੇ ਸਫ਼ਰ ਦਾ ਅਨੰਦ ਲਿਆ ਜਦਕਿ ਪੰਜਾਬ ਰੋਡਵੇਜ਼/ਪਨਬੱਸ ਦੀਆਂ ਵਾਲਵੋ ਬੱਸਾਂ ਵਿੱਚ 48,076 ਯਾਤਰੀਆਂ ਨੇ ਸਫ਼ਰ ਕੀਤਾ। ਇਸ ਅਰਸੇ ਦੌਰਾਨ ਇਸ ਰੂਟ 'ਤੇ ਸਰਕਾਰ ਨੇ 13.89 ਕਰੋੜ ਰੁਪਏ ਦੀ ਆਮਦਨ ਜੁਟਾਈ ਹੈ। ਉਨ੍ਹਾਂ ਦੱਸਿਆ ਕਿ ਪੀ.ਆਰ.ਟੀ.ਸੀ. ਨੂੰ 2 ਕਰੋੜ 64 ਲੱਖ 26 ਹਜ਼ਾਰ 775 ਰੁਪਏ ਦੀ ਆਮਦਨ ਹੋਈ ਅਤੇ ਪੰਜਾਬ ਰੋਡਵੇਜ਼/ਪਨਬੱਸ ਨੇ 11 ਕਰੋੜ 24 ਲੱਖ 85 ਹਜ਼ਾਰ 155 ਰੁਪਏ ਕਮਾਏ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਵਿੱਚ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਮੁਕਾਬਲੇ ਅੱਧੇ ਤੋਂ ਵੀ ਘੱਟ ਕੀਮਤਾਂ 'ਤੇ ਆਰਾਮਦਾਇਕ ਅਤੇ ਆਲੀਸ਼ਾਨ ਯਾਤਰਾ ਦੀ ਸਹੂਲਤ ਮਿਲ ਰਹੀ ਹੈ। ਇਨ੍ਹਾਂ ਵਾਲਵੋ ਬੱਸਾਂ ਨੇ ਨਿੱਜੀ ਟਰਾਂਸਪੋਰਟਰਾਂ ਦੀ ਅਜਾਰੇਦਾਰੀ ਬਿਲਕੁਲ ਖ਼ਤਮ ਕਰ ਦਿੱਤੀ ਹੈ। ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਦਹਾਕਿਆਂ ਤੋਂ ਇਸ ਰੂਟ 'ਤੇ ਸਿਰਫ਼ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਹੀ ਆਪਣੀਆਂ ਬੱਸਾਂ ਚਲਾਈਆਂ ਜਾ ਰਹੀਆਂ ਸਨ, ਜੋ ਵੱਧ ਕਿਰਾਇਆ ਵਸੂਲ ਕੇ ਲੋਕਾਂ ਦਾ ਨਿਰੰਤਰ ਸ਼ੋਸ਼ਣ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਬੱਸਾਂ ਨੂੰ ਏਅਰਪੋਰਟ ਲਈ ਨਾ ਚਲਾਉਣ ਵਾਸਤੇ ਬੀਤੇ ਸਮੇਂ ਦੀਆਂ ਕਾਂਗਰਸ ਅਤੇ ਅਕਾਲੀ ਸਰਕਾਰਾਂ ਸਿੱਧੇ ਤੌਰ ਉਤੇ ਜ਼ਿੰਮੇਵਾਰ ਹਨ। ਇਨ੍ਹਾਂ ਨੇਤਾਵਾਂ ਦੇ ਸੌੜੇ ਹਿੱਤ ਹੀ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਰਹੇ। ਦੋਵਾਂ ਪਾਰਟੀਆਂ ਦੇ ਟਰਾਂਸਟਪੋਰਟ ਲੀਡਰ ਇਸ ਰੂਟ ਉਤੇ ਸਰਕਾਰੀ ਬੱਸਾਂ ਚੱਲਣ ਦੀ ਇਜਾਜ਼ਤ ਨਾ ਦੇ ਕੇ ਗ਼ੈਰ-ਕਾਨੂੰਨੀ ਢੰਗ ਨਾਲ ਪੈਸਾ ਕਮਾ ਰਹੇ ਸਨ।