ਕਪੂਰਥਲਾ, 08 ਅਪ੍ਰੈਲ : ਕਪੂਰਥਲਾ ਦੇ ਕਸਬਾ ਫੱਤੂਢੀਂਗਾ ਨਜ਼ਦੀਕ ਬੀਤੀ ਸ਼ਾਮ ਇੱਕ ਕਾਰ ਅਤੇ ਮਹਿੰਦਰਾ ਬਲੈਰੋ ਪਿਕਅੱਪ ਹੋਈ ਭਿਆਨਕ ਟੱਕਰ ‘ਚ 4 ਲੋਕਾਂ ਦੀ ਮੌਤ ਅਤੇ 25 ਦੇ ਜਖ਼ਮੀ ਹੋਣ ਦੀ ਦੁੱਖਦਾਈ ਖਬਰ ਹੈ। ਜਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਵਿਖੇ ਭਰਤੀ ਕਰਵਾਇਆ ਗਿਆ ਹੈ ।ਜਾਣਕਾਰੀ ਅਨੁਸਾਰ ਮਹਿੰਦਰਾ ਬਲੈਰੋ ਗੱਡੀ ਵਿੱਚ ਸਵਾਰ ਵਿਅਕਤੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਨਾਰਲੀ ਦੇ ਵਸਨੀਕ ਹਨ ਅਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਪਿੰਡ ਆ ਰਹੇ ਸਨ ਕਿ ਰਸਤੇ ਵਿੱਚ ਫੱਤੂਢੀਂਗਾ ਤੋਂ ਮੁੰਡੀ ਮੋੜ ’ਤੇ ਉਨ੍ਹਾਂ ਦੀ ਕਾਰ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਗੱਡੀ ਵਿਚ ਸਵਾਰ ਸੰਗਤਾਂ ਤੋਂ ਇਲਾਵਾ ਕਾਰ ਵਿਚ ਸਵਾਰ ਦੋ ਵਿਅਕਤੀਆਂ ਵਿਚੋਂ ਇਕ ਦੀ ਮੌਤ ਹੋ ਗਈ ਤੇ ਦੂਸਰਾ ਵਿਅਕਤੀ ਵੀ ਗੰਭੀਰ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਅਮਰੀਕ ਕੌਰ ਅਤੇ ਗੁਰਮੀਤ ਕੌਰ ਅਤੇ ਕਾਰ ਚਾਲਕ ਗੁਰਪ੍ਰੀਤ ਸਿੰਘ ਗੋਪੀ ਵਾਸੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਿਵਲ ਹਸਪਤਾਲ ‘ਚ ਐਮਰਜੈਂਸੀ ਡਿਊਟੀ ‘ਤੇ ਤਾਇਨਾਤ ਡਾ: ਸਿਧਾਰਥ ਬਿੰਦਰਾ ਨੇ ਵੱਡੀ ਗਿਣਤੀ ‘ਚ ਮਰੀਜ਼ਾਂ ਨੂੰ ਦੇਖ ਕੇ ਆਪਣੇ ਸਾਥੀ ਡਾਕਟਰਾਂ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਡਾ: ਸੰਦੀਪ ਸਿੰਘ ਥਿੰਦ ਅਤੇ ਡਾ. ਗੁਰਨਾਮ ਸਿੰਘ ਵੀ. ਮੌਕੇ ‘ਤੇ ਪਹੁੰਚ ਕੇ ਸਟਾਫ ਦੀ ਮਦਦ ਨਾਲ ਜ਼ਖਮੀ ਔਰਤਾਂ ਅਤੇ ਬੱਚਿਆਂ ਦਾ ਇਲਾਜ ਸ਼ੁਰੂ ਕੀਤਾ। ਡਾਕਟਰਾਂ ਦੇ ਅਨੁਸਾਰ 18 ਲੋਕ ਸਿਵਲ ਹਸਪਤਾਲ ਕਪੂਰਥਲਾ ਵਿਖੇ ਪਹੁੰਚੇ ਸਨ, ਜਿਨਾਂ ਵਿੱਚੋਂ ਚਾਰ ਦੀ ਮੌਤ ਹੋ ਚੁੱਕੀ ਹੈ। ਘਟਨਾ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਦੋ ਬੱਚਿਆਂ ਅਤੇ ਦੋ ਹੋਰ ਮਰੀਜ਼ਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਥਾਣਾ ਫੱਤੂਢੀਂਗਾ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਸੀ ਅਤੇ ਜ਼ਖ਼ਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ।