- ਪਿਛਲੇ ਸਾਲ ਦੇ ਮੁਕਾਬਲੇ ਖਰੀਦ ਵਿੱਚ 5 ਫੀਸਦੀ ਵਾਧਾ ਕੀਤਾ ਗਿਆ ਦਰਜ਼
- ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ, ਅਧਿਕਾਰੀਆਂ ਦਾ ਕੀਤਾ ਧੰਨਵਾਦ
ਚੰਡੀਗੜ੍ਹ. 03 ਜੂਨ : ਹਾੜੀ ਸੀਜਨ 2024-25 ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ 132.11 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਦੇ ਕਾਰਜ ਨੂੰ ਨਿਰਵਿਘਨ ਨੇਪਰੇ ਚਾੜ੍ਹਿਆ ਜਾ ਚੁੱਕਾ ਹੈ। ਸੀਜਨ ਦੌਰਾਨ ਮੰਡੀਆਂ ਵਿੱਚ ਕੀਤੇ ਗਏ ਪੁਖਤਾ ਪ੍ਰਬੰਧਾਂ ਸਦਕਾ ਖਰੀਦ ਕਾਰਜਾਂ ਨੂੰ ਸੁੱਚਝੇ ਢੰਗ ਨਾਲ ਚਲਾਇਆ ਜਾ ਸਕਿਆ ਹੈ, ਜਿਸਦੇ ਚਲਦਿਆਂ ਕਿਸਾਨਾਂ, ਆੜ੍ਹਤੀਆਂ, ਮਜਦੂਰਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਹਰਚੰਦ ਸਿੰਘ ਬਰਸਟ, ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਹਾੜੀ ਸੀਜਨ 2024-25 ਦੌਰਾਨ ਮੰਡੀਆਂ ਵਿੱਚ ਕਣਕ ਦੀ ਖਰੀਦ ਦੇ ਕਾਰਜ਼ ਮੁਕੱਮਲ ਹੋਣ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਜਿੱਥੇ ਕਣਕ ਦੀ ਕੁੱਲ ਖਰੀਦ ਵਿੱਚ 5 ਫੀਸਦੀ ਵਾਧਾ ਦਰਜ਼ ਕੀਤਾ ਗਿਆ ਹੈ, ਉੱਥੇ ਹੀ ਸਰਕਾਰੀ ਖਰੀਦ ਵਿੱਚ ਵੀ 3 ਫੀਸਦੀ ਵਾਧਾ ਹੋਇਆ ਹੈ। ਫ਼ਸਲ ਵੇਚ ਚੁੱਕੇ ਕਿਸਾਨਾਂ ਨੂੰ ਅਦਾਇਗੀ ਵੀ ਨਾਲੋਂ-ਨਾਲ ਕੀਤੀ ਜਾ ਰਹੀ ਹੈ, ਜਿਸ ਤਹਿਤ 28,289.57 ਕਰੋੜ ਰੁਪਏ ਅਦਾ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ 31 ਮਈ ਤੱਕ ਚੱਲੇ ਹਾੜੀ ਸੀਜਨ 2024-25 ਦੌਰਾਨ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਬੰਪਰ ਆਮਦ ਹੋਈ ਹੈ ਅਤੇ ਮੰਡੀਆਂ ਵਿੱਚ ਪਹੁੰਚੀ ਕਣਕ ਦੀ ਖਰੀਦ ਵੀ ਨਾਲੋਂ ਨਾਲ ਕੀਤੀ ਗਈ ਹੈ। ਸੀਜਨ ਦੌਰਾਨ ਕਿਸਾਨਾਂ, ਆੜ੍ਹਤੀਆਂ ਅਤੇ ਮਜਦੂਰਾਂ ਦੀ ਸਹੁੱਲਤ ਨੂੰ ਮੁੱਖ ਰਖਦੇ ਹੋਏ ਪੁਖਤਾ ਪ੍ਰਬੰਧ ਕੀਤੇ ਗਏ, ਜਿਸਦੇ ਤਹਿਤ ਮੰਡੀਆਂ ਵਿੱਚ ਸਾਫ਼-ਸਫਾਈ, ਪੀਣ ਯੋਗ ਪਾਣੀ, ਬਿਜਲੀ ਦੇ ਯੋਗ ਪ੍ਰਬੰਧ, ਬੈਠਣ ਲਈ ਛਾਂ ਅਤੇ ਬਾਥਰੂਮਾਂ ਆਦਿ ਦੇ ਪ੍ਰਬੰਧ ਕੀਤੇ ਗਏ, ਜਿਨ੍ਹਾਂ ਸਦਕਾ ਕਣਕ ਦੀ ਖਰੀਦ ਦੇ ਕਾਰਜਾਂ ਨੂੰ ਅਮਲੀ ਜਾਮਾਂ ਪਹਿਣਾਇਆ ਗਿਆ ਹੈ। ਚੇਅਰਮੈਨ ਨੇ ਕਿਹਾ ਕਿ ਖਰੀਦ ਕਾਰਜਾਂ ਨੂੰ ਸੁਚੱਝੇ ਢੰਗ ਨਾਲ ਨੇਪਰੇ ਚਾੜਣ ਵਿੱਚ ਸਹਿਯੋਗ ਦੇਣ ਵਾਲੇ ਸਾਰੇ ਅਧਿਕਾਰੀ, ਕਰਮਚਾਰੀ, ਏਜੰਸੀਆਂ, ਆੜਤੀਆਂ ਅਤੇ ਕਿਸਾਨ ਧੰਨਵਾਦ ਦੇ ਪਾਤਰ ਹਨ।
124.56 ਲੱਖ ਮੀਟ੍ਰਿਕ ਟਨ ਕਣਕ ਦੀ ਹੋਈ ਸਰਕਾਰੀ ਖਰੀਦ
ਸ. ਬਰਸਟ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾੜੀ ਸੀਜਨ 2024-25 ਦੌਰਾਨ ਕਣਕ ਦੀ ਖਰੀਦ ਲਈ ਪੰਜਾਬ ਮੰਡੀ ਬੋਰਡ ਵੱਲੋਂ 1907 ਪੱਕੀਆਂ ਮੰਡੀਆਂ ਦੇ ਨਾਲ-ਨਾਲ 826 ਆਰਜੀ ਖਰੀਦ ਕੇਂਦਰਾਂ ਦੀ ਘੋਸ਼ਣਾ ਕੀਤੀ ਗਈ ਸੀ। ਜਿਹਨਾਂ ਵਿੱਚੋਂ 132.11 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਵਿੱਚੋਂ 124.56 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਅਤੇ 7.55 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਪ੍ਰਾਈਵੇਟ ਪੱਧਰ ਤੇ ਕੀਤੀ ਗਈ ਹੈ। ਪਨਗ੍ਰੇਨ ਵੱਲੋਂ 39,94,966 ਮੀਟ੍ਰਿਕ ਟਨ, ਐਫ.ਸੀ.ਆਈ. ਵੱਲੋਂ 32,7,867 ਮੀਟ੍ਰਿਕ ਟਨ, ਮਾਰਕਫੈਡ ਵੱਲੋਂ 32,59,301 ਮੀਟ੍ਰਿਕ ਟਨ, ਪਨਸਪ ਵੱਲੋਂ 29,80,297 ਮੀਟ੍ਰਿਕ ਟਨ ਅਤੇ ਵੇਅਰਹਾਉਸ ਵੱਲੋਂ 18,93,337 ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਕਣਕ ਦੀ ਆਮਦ ਅਤੇ ਖਰੀਦ ਹੋਈ ਹੈ। ਇੱਥੇ 12,40,685 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ, ਜਿਸ ਵਿੱਚੋਂ 10,37,073 ਮੀਟ੍ਰਿਕ ਟਨ ਸਰਕਾਰੀ ਅਤੇ 20,3,612 ਮੀਟ੍ਰਿਕ ਟਨ ਕਣਕ ਦੀ ਪ੍ਰਾਈਵੇਟ ਪੱਧਰ ਤੇ ਖਰੀਦ ਹੋਈ ਹੈ। ਜਦਕਿ ਦੂਜੇ ਨੰਬਰ ਤੇ ਸ੍ਰੀ ਮੁਕਤਸਰ ਸਾਹਿਬ ਵਿਖੇ 9,43,230 ਮੀਟ੍ਰਿਕ ਟਨ ਅਤੇ ਤੀਜੇ ਨੰਬਰ ਤੇ ਪਟਿਆਲਾ ਵਿਖੇ 9,38,932 ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਹੈ।