ਪੰਜਾਬ ਵਿੱਚ ਵਿਧਾਨ ਸਭਾ ਚੋਣਾਂ -2022 ਦਾ ਐਲਾਨ ਹੁੰਦਿਆਂ ਹੀ ਪੰਜਾਬ ਵਿੱਚ ਰਾਜਨੀਤਕ ਤੂਫ਼ਾਨ ਆ ਗਿਆ ਜਾਪ ਰਿਹਾ ਹੈ । ਜਿੱਥੇ ਹਰ ਰਾਜਨੀਤਕ ਪਾਰਟੀ ਵੱਲੋਂ ਦੂਸਰੀਆਂ ਪਾਰਟੀਆਂ ਦੇ ਵਿਧਾਇਕ ਜਾਂ ਸੀਨੀਅਰ ਲੀਡਰ ਪੱਟਣ ਦਾ ਰੁਝਾਨ ਅੱਜ ਪੂਰੇ ਸਿਖਰਾਂ ‘ਤੇ ਹੈ , ਉੱਥੇ ਹੀ ਵੱਖ-ਵੱਖ ਪਾਰਟੀਆਂ ਵੱਲੋਂ ਆਪਣੇ ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟਣ ‘ਤੇ ਉਹਨਾਂ ਵਿਧਾਇਕਾਂ ਵੱਲੋਂ ਟਿਕਟਾਂ ਦੇ ਲਾਲਚਵੱਸ ਦੂਸਰੀਆਂ ਪਾਰਟੀਆਂ ਵਿੱਚ ਟਪੂਸੀ ਮਾਰਨ ਦਾ ਰੁਝਾਨ ਵੀ ਅੱਜ-ਕੱਲ੍ਹ ਪੂਰੇ ਜੋਬਨ ‘ਤੇ ਹੈ। ਅਜਿਹੇ ‘ਤੇ ਚੱਲਦਿਆਂ ਹੀ ਆਮ ਆਦਮੀ ਪਾਰਟੀ ਨੂੰ ਅੰਗੂਠਾ ਦਿਖਾਕੇ ਕਾਂਗਰਸ ਦਾ ਪੱਲਾ ਫੜਨ ਵਾਲੇ ਕੁਝ ਮੌਜੂਦਾ ਵਿਧਾਇਕਾਂ ਲਈ ਇਹ ਰੁਝਾਨ ਸੱਪ ਦੇ ਮੂੰਹ ‘ਚ ਕੋਹੜ-ਕਿਰਲੀ ਵਾਲਾ ਹੁੰਦਾ ਜਾਪ ਰਿਹਾ ਹੈ ।ਆਪ ਨੂੰ ਅੰਗੂਠਾ ਦਿਖਾਕੇ ਕਾਂਗਰਸ ਪਾਰਟੀ ਦੇ ਲੜ ਲੱਗਣ ਵਾਲੇ ਇਹਨਾਂ ਵਿਧਾਇਕਾਂ ਦਾ ਹਾਲ ਉਸ ਬੇੜੀ ‘ਚ ਸਵਾਰ ਹੋਣ ਵਾਲ਼ਿਆਂ ਵਾਲਾ ਜਾਪ ਰਿਹਾ ਹੈ ਜਿਸਦੇ ਕਿਸੇ ਤਣ-ਪੱਤਨ ਲੱਗਣ ਦੀ ਸੰਭਾਵਨਾ ਨਾ ਹੋਵੇ । ਕਿਉਂਕਿ ਪਾਰਟੀ ਛੱਡਣ ਵਾਲੇ ਇਹਨਾਂ ਬਾਗ਼ੀ ਵਿਧਾਇਕਾਂ ਦੇ ਹਲਕਿਆਂ ਤੋਂ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਕਾਂਗਰਸ ਪਾਰਟੀ ਆਪਣੇ ਉਮੀਦਵਾਰ ਜਾਂ ਤਾਂ ਐਲਾਨ ਚੁੱਕੀ ਹੈ ਅਤੇ ਜਾਂ ਇਹਨਾਂ ਬਾਗ਼ੀ ਵਿਧਾਇਕਾਂ ਨੂੰ ਟਿਕਟ ਨਹੀਂ ਦਿੱਤੀ ਗਈ । ਹੁਣ ਇਹਨਾਂ ਆਪ ਦੇ ਬਾਗ਼ੀ ਵਿਧਾਇਕਾਂ ਲਈ ਉਕਤ ਪਾਰਟੀਆਂ ਵਿੱਚ ਜਾਣ ਦੇ ਰਾਹ ਤਾਂ ਲੱਗਭਗ ਬੰਦ ਹੀ ਹੋ ਚੁੱਕੇ ਸਮਝੇ ਜਾ ਸਕਦੇ ਹਨ ।
ਜਿਕਰਯੋਗ ਹੈ ਕਿ ਹਲਕਾ ਰਾਏਕੋਟ ਤੋਂ ਕਾਂਗਰਸ ਹਾਈਕਮਾਨ ਵੱਲੋਂ ਹਲਕਾ ਫਤਿਹਗੜ੍ਹ ਸਾਹਿਬ ਦੇ ਕਾਂਗਰਸੀ ਸਾਂਸਦ ਅਤੇ ਰਾਏਕੋਟ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਡਾਕਟਰ ਅਮਰ ਸਿੰਘ ਦੇ ਪੁੱਤਰ ਕਾਮਿਲ ਅਮਰ ਸਿੰਘ ਨੂੰ ਟਿਕਟ ਦੇ ਕੇ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵੱਲੋਂ ਬਲਵਿੰਦਰ ਸੰਧੂ ਅਤੇ ਆਮ ਆਦਮੀ ਪਾਰਟੀ ਵੱਲੋਂ ਠੇਕੇਦਾਰ ਹਾਕਮ ਸਿੰਘ ਨੂੰ ਵੀ ਪਾਰਟੀ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਹੈ। ਕਿਆਸ-ਅਰਾਈ ਲਗਾਈ ਜਾ ਰਹੀ ਹੈ ਕਿ ਜਗਤਾਰ ਜੱਗਾ ਜਗਰਾਓਂ ਤੇ ਹਲਕਾ ਗਿੱਲ ਤੋਂ ਟਿਕਟ ਲੈਣ ਲਈ ਜ਼ੋਰ ਅਜ਼ਮਾਈ ਕਰ ਰਹੇ ਹਨ । ਇਸੇ ਤਰਾਂ ਹੀ ਮਾਨਸਾ ਹਲਕੇ ਤੋਂ ਨਾਜ਼ਰ ਸਿੰਘ ਮਾਨਸਾਹੀਆ ਨੂੰ ਅੱਖੋਂ ਪਰੋਖੇ ਕਰਦੇ ਹੋਏ ਕਾਂਗਰਸ ਹਾਈਕਮਾਨ ਨੇ ਟਿਕਟ ਸਿੱਧੂ ਮੂਸੇਵਾਲੇ ਦੀ ਝੋਲ਼ੀ ਪਾ ਕੇ ਮਾਨਸ਼ਾਹੀਆ ਨੂੰ ਸੋਚਾਂ ਦੇ ਸਮੁੰਦਰ ਵਿੱਚ ਧੱਕ ਦਿੱਤਾ ਹੈ। ਜੇਕਰ ਹਲਕੇ ਮੌੜ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ ਵੀ ਆਪ ਤੋਂ ਬਾਗ਼ੀ ਵਿਧਾਇਕ ਜਗਦੇਵ ਸਿੰਘ ਸਿੰਘ ਕਮਾਲੂ ਨਾਲ ਵੀ ਕਾਂਗਰਸ ਪਾਰਟੀ ਵੱਲੋਂ ਜੱਗੋਂ ਤੇਰ੍ਹਵੀਂ ਕੀਤੀ ਜਾਪਦੀ ਹੈ, ਕਿਉਂਕਿ ਹਲਕਾ ਮੌੜ ਤੋਂ ਕਾਂਗਰਸ ਪਾਰਟੀ ਵੱਲੋਂ ਮੰਜੂ ਬਾਂਸਲ ਨੂੰ ਟਿਕਟ ਦੇ ਕੇ ਪਾਰਟੀ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ । ਹਾਲਾਂਕਿ ਭਾਵੇਂ ਕਾਂਗਰਸ ਹਾਈਕਮਾਨ ਵੱਲੋਂ ਹਲਕਾ ਭਦੌੜ ਅਤੇ ਹਲਕਾ ਜੈਤੋਂ ਤੋਂ ਕਿਸੇ ਕਾਂਗਰਸੀ ਉਮੀਦਵਾਰ ਦਾ ਨਾਂ ਨਹੀਂ ਐਲਾਨਿਆ, ਅਜਿਹੇ ਵਿੱਚ ਭਦੌੜ ਤੋਂ ਆਪ ਦੇ ਬਾਗ਼ੀ ਵਿਧਾਇਕ ਪਿਰਮਲ ਖਾਲਸਾ ਅਤੇ ਜੈਤੋਂ ਤੋਂ ਮਾਸਟਰ ਬਲਦੇਵ ਸਿੰਘ ਵੀ ‘ਡੇਂਜਰ ਜ਼ੋਨ’ ਵਿੱਚ ਹੀ ਕਾਂਗਰਸ ਵੱਲੋਂ ਰੱਖੇ ਕਹੇ ਜਾ ਸਕਦੇ ਹਨ ।
ਸੋ, ਆਪ ਦੇ ਬਾਗ਼ੀ ਵਿਧਾਇਕਾਂ ਲਈ ਹੁਣ ਇਹ ਕਹਿ ਲੈਣਾ ਕੋਈ ਅੱਤਕਥਨੀ ਨਹੀਂ ਹੋਵੇਗਾ ਕਿ ਕਾਂਗਰਸ ਹਾਈਕਮਾਨ ਵੱਲੋਂ ਭਵਿੱਖ ‘ਚ ਉਮੀਦਵਾਰਾਂ ਦੀ ਐਲਾਨੀ ਜਾਣ ਵਾਲੀ ਅਗਲੀ ਦੂਸਰੀ ਸੂਚੀ ਇਹਨਾਂ ਕਾਂਗਰਸ ਦਾ ਪੱਲਾ ਫੜਨ ਵਾਲੇ ਆਪ ਦੇ ਬਾਗ਼ੀ ਵਿਧਾਇਕਾਂ ਦਾ ਆਉਣ ਵਾਲਾ ਅਗਲਾ ਭਵਿੱਖ ਤੈਅ ਕਰੇਗੀ । ਜੇਕਰ ਕਾਂਗਰਸ ਹਾਈ ਕਮਾਨ ਇਹਨਾਂ ਵਿਧਾਇਕਾਂ ਨੂੰ ਐਡਜਸਟ ਕਰਨ ਵਿੱਚ ਸਫਲ ਰਹਿੰਦੀ ਹੈ ਤਾਂ ਸ਼ਾਇਦ ਇਹ ਆਪ ਦੇ ਬਾਗ਼ੀ ਵਿਧਾਇਕ ਕਾਂਗਰਸ ਵਿੱਚ ਰਹਿ ਸਕਦੇ ਹਨ, ਵਰਨਾ ਕੋਈ ਹੋਰ ਫੈਸਲਾ ਲੈਣ ਲਈ ਵੀ ਮਜਬੂਰ ਹੋ ਸਕਦੇ ਹਨ । ਇਸ ਵਾਸਤੇ ਅਜੇ ਕਾਂਗਰਸੀ ਉਮੀਦਵਾਰਾਂ ਦੀ ਦੂਸਰੀ ਸੂਚੀ ਦਾ ਇੰਤਜ਼ਾਰ ਕਰਨਾ ਹੋਵੇਗਾ ।
ਰਿਪੋਰਟ-ਬਲਜਿੰਦਰ ਭਨੋਹੜ ।