ਪੁਣੇ, 14 ਫ਼ਰਵਰੀ : ਮਹਾਰਾਸ਼ਟਰ ਦੇ ਪੁਣੇ-ਨਾਸਿਕ ਹਾਈਵੇਅ 'ਤੇ ਸੋਮਵਾਰ ਦੇਰ ਰਾਤ ਇਕ ਅਣਪਛਾਤੇ ਵਾਹਨ ਨੇ 17 ਔਰਤਾਂ ਨੂੰ ਦਰੜ ਦਿੱਤਾ, 5 ਔਰਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ । ਜਦੋਂ ਕਿ 12 ਔਰਤਾਂ ਗੰਭੀਰ ਜ਼ਖਮੀ ਹਨ। ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਵਾਹਨ ਦੀ ਭਾਲ ਕਰ ਰਹੀ ਹੈ। ਮੁੱਢਲੀ ਜਾਣਕਾਰੀ ਅਨੁਸਾਰ ਸਾਰੀਆਂ ਔਰਤਾਂ ਰਸੋਈਏ ਦਾ ਕੰਮ ਕਰਦੀਆਂ ਹਨ। ਉਹ ਰਾਤ ਨੂੰ ਕਿਸੇ ਪ੍ਰੋਗਰਾਮ ਤੋਂ ਆਪਣਾ ਕੰਮ ਖਤਮ ਕਰਕੇ ਘਰ ਪਰਤ ਰਹੀਆਂ ਸਨ। ਔਰਤਾਂ ਪੁਣੇ ਦੀ ਬੱਸ ਤੋਂ ਖਰਪੁੜੀ ਫਟਾ ਵਿਖੇ ਉਤਰੀਆਂ ਸਨ। ਇਸ ਦੌਰਾਨ ਸੜਕ ਪਾਰ ਕਰਦੇ ਸਮੇਂ ਹਾਦਸਾ ਵਾਪਰ ਗਿਆ। ਪੁਣੇ ਵਾਲੇ ਪਾਸਿਓਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਔਰਤਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।ਪੁਣੇ ਦਿਹਾਤੀ ਦੇ ਪੁਲਿਸ ਸੁਪਰਡੈਂਟ ਅੰਕਿਤ ਗੋਇਲ ਨੇ ਕਿਹਾ ਕਿ 17 ਔਰਤਾਂ ਸੜਕ ਪਾਰ ਕਰ ਰਹੀਆਂ ਸਨ ਜਿਨ੍ਹਾਂ ਨੂੰ ਇੱਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਹਾਦਸੇ 'ਚ 5 ਔਰਤਾਂ ਦੀ ਮੌਤ ਹੋ ਗਈ ਹੈ ਅਤੇ 12 ਹੋਰ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।ਉਨ੍ਹਾਂ ਕਿਹਾ ਕਿ ਅਸੀਂ ਵਾਹਨ ਦੀ ਪਛਾਣ ਕਰਨ ਅਤੇ ਡਰਾਈਵਰ ਨੂੰ ਗ੍ਰਿਫਤਾਰ ਕਰਨ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।