ਨਵੀਂ ਦਿੱਲੀ, 14 ਜਨਵਰੀ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਨਿਤਿਨ ਗਡਕਰੀ ਨੂੰ ਉਨ੍ਹਾਂ ਦੇ ਨਾਗਪੁਰ ਸਥਿਤ ਦਫਤਰ ‘ਚ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਸ਼ਿਕਾਇਤ ਮਿਲਣ ‘ਤੇ ਨਾਗਪੁਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਫੋਨ ਕਰਨ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਣਪਛਾਤੇ ਕਾਲਰ ਨੇ 10 ਮਿੰਟਾਂ ਦੇ ਅੰਦਰ ਦੋ ਧਮਕੀ ਭਰੀਆਂ ਕਾਲਾਂ ਕੀਤੀਆਂ। ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਦੋਵੇਂ ਧਮਕੀ ਕਾਲਾਂ ਨਾਗਪੁਰ ਸਥਿਤ ਗਡਕਰੀ ਦੇ ਦਫਤਰ ਤੋਂ ਸਵੇਰੇ 11.30 ਅਤੇ 11.40 ਵਜੇ ਪ੍ਰਾਪਤ ਹੋਈਆਂ ਹਨ । ਨਾਗਪੁਰ ਦੇ ਡੀਸੀਪੀ ਰਾਹੁਲ ਮਦਾਨੇ ਨੇ ਦੱਸਿਆ ਕਿ ਨਿਤਿਨ ਗਡਕਰੀ ਨੂੰ ਦੋ ਧਮਕੀ ਭਰੇ ਫ਼ੋਨ ਆਏ ਸਨ। ਵੇਰਵੇ ਪ੍ਰਾਪਤ ਕੀਤੇ ਜਾ ਰਹੇ ਹਨ ਅਤੇ ਸਾਡੀ ਅਪਰਾਧ ਸ਼ਾਖਾ ਸੀਡੀਆਰ ‘ਤੇ ਕੰਮ ਕਰੇਗੀ। ਇਸਦੇ ਨਾਲ ਹੀ ਪੁਲਿਸ ਨੇ ਮੌਜੂਦਾ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਮੰਤਰੀ ਗਡਕਰੀ ਦੇ ਪ੍ਰੋਗਰਾਮ ਵਾਲੀ ਥਾਂ ‘ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ।