ਅਹਿਮਦਾਬਾਦ : ਆਮ ਆਦਮਾ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਹਿਮਦਾਬਾਦ ’ਚ ਜਿਸ ਆਟੋ ਚਾਲਕ ਵਿਕਰਮ ਦੰਤਾਣੀ ਦੇ ਆਟੋ ’ਚ ਸਵਾਰ ਹੋ ਕੇ ਉਸਦੇ ਘਰ ਗਏ ਸਨ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਕ ਨਿਕਲਿਆ। ਭਾਜਪਾ ਦੀ ਟੋਪੀ ਪਾ ਕੇ ਪੀਐੱਮ ਦੀ ਸਭਾ ’ਚ ਪਹੁੰਚੇ ਵਿਕਰਮ ਨੇ ਦੱਸਿਆ ਕਿ ਆਟੋ ਯੂਨੀਅਨ ਦੇ ਕਹਿਣ ’ਤੇ ਹੀ ਉਸਨੇ ਕੇਜਰੀਵਾਲ ਨੂੰ ਇਹ ਸੱਦਾ ਦਿੱਤਾ ਸੀ। ਆਟੋ ਚਾਲਕ ਵਿਕਰਮ ਦੰਤਾਣੀ ਦੇ ਆਟੋੋ ’ਚ ਸਵਾਰ ਹੋ ਕੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 12 ਸਤੰਬਰ ਦੀ ਰਾਤ ਨੂੰ ‘ਆਪ’ ਦੇ ਗੁਜਰਾਤ ਸੰਯੋਜਕ ਗੋਪਾਲ ਇਟਾਲੀਆ ਤੇ ਰਾਸ਼ਟਰੀ ਸਕੱਤਰ ਈਸ਼ੁਦਾਨ ਗੜਵੀ ਨਾਲ ਉਸਦੇ ਘਰ ਖਾਣਾ ਖਾਣ ਗਏ ਸਨ। ‘ਆਪ’ ਦੇ ਟਾਊਨ ਹਾਲ ਪ੍ਰੋਗਰਾਮ ’ਚ ਦੰਤਾਣੀ ਨੇ ਕੇਜਰੀਵਾਲ ਨੂੰ ਆਪਣੇ ਘਰ ਖਾਣੇ ’ਤੇ ਸੱਦਾ ਦਿੱਤਾ ਸੀ ਪਰ ਸ਼ੁੱਕਰਵਾਰ ਨੂੰ ਵਿਕਰਮ ਭਾਜਪਾ ਦੀ ਟੋਪੀ ਪਾ ਕੇ ਅਹਿਮਦਾਬਾਦ ਦੇ ਥਲਤੇਜ ’ਚ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਸਭਾ ’ਚ ਨਜ਼ਰ ਆਇਆ। ਦੰਤਾਣੀ ਨੇ ਦੱਸਿਆ ਕਿ ਆਟੋ ਚਾਲਕ ਯੂਨੀਅਨ ਦੇ ਕਹਿਣ ’ਤੇ ਹੀ ਉਸਨੇ ਕੇਜਰੀਵਾਲ ਨੂੰ ਖਾਣੇ ’ਤੇ ਸੱਦਾ ਦਿੱਤਾ ਸੀ। ਉਹ ਨਾ ਤਾਂ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ ਤੇ ਨਾ ਹੀ ਉਸ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ’ਚ ਹੈ। ਦਰਅਸਲ, ਵਿਕਰਮ ਸ਼ੁੱਕਰਵਾਰ ਨੂੰ ਮੋਦੀ ਦੀ ਸਭਾ ’ਚ ਭਾਜੁਪਾ ਦੀ ਟੋਪੀ ਤੇ ਗਲੇ ’ਚ ਕੇਸਰੀ ਦੁਪੱਟਾ ਪਾ ਕੇ ਪਹੁੰਚਿਆ ਸੀ। ਹੁਣ ਉਹੀ ਚਾਲਕ ਦੰਤਾਣੀ ਕਹਿ ਰਿਹਾ ਹੈ ਕਿ ਉਸਨੇ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਦੋਂ ਵੋਟ ਦੇ ਰਿਹਾ ਹਾਂ, ਭਾਜਪਾ ਤੇ ਨਰਿੰਦਰ ਮੋਦੀ ਦਾ ਸਮਰਥਕ ਹਾਂ। ਯੂਨੀਅਨ ਨੇ ਜਿਵੇਂ ਕਿਹਾ, ਉਸਨੇ ਉਂਝ ਹੀ ਕੀਤਾ। ਕੇਜਰੀਵਾਲ ਨੂੰ ਸੱਦਾ ਦੇਣ ਦੀ ਗੱਲ ਤਾਂ ਉਸਦੇ ਦਿਮਾਗ ’ਚ ਆ ਹੀ ਨਹੀਂ ਸਕਦੀ। ਦੰਤਾਣੀ ਨੇ ਕਿਹਾ ਕਿ ਉਹ ਤਾਂ ਸ਼ੁਰੂ ਤੋਂ ਹੀ ਮੋਦੀ ਦਾ ਪ੍ਰਸ਼ੰਸਕ ਹੈ ਤੇ ਭਾਜਪਾ ਦੇ ਨਾਲ ਰਿਹਾ ਹੈ। ਵਿਕਰਮ ਨੇ ਦੱਸਿਆ ਕਿ ਕੇਜਰੀਵਾਲ ਖਾਣਾ ਖਾ ਕੇ ਗਏ ਤੇ ਇਹ ਕਿਹਾ ਕਿ ਦਿੱਲੀ ਆਓਗੇ ਤਾਂ ਖਾਣਾ ਖਾ ਕੇ ਜਾਣਾ। ਕੇਜਰੀਵਾਲ ਦੇ ਡਰਾਮੇ ਨੂੰ ਭਾਜਪਾ ਜਮ ਕੇ ਉਛਾਲ ਰਹੀ ਹੈ। ਪਾਰਟੀ ਦਾ ਦਾਅਵਾ ਹੈ ਕਿ ਕੇਜਰੀਵਾਲ ਸਸਤੀ ਸ਼ੋਹਰਤ ਲਈ ਇਸ ਤਰ੍ਹਾਂ ਦੀ ਪਲਾਨਿੰਗ ਕਰਦੀ ਹੈ, ਜਦਕਿ ਲੋਕ ਉਨ੍ਹਾਂ ਦੇ ਨਹੀਂ ਮੋਦੀ ਜੀ ਦੇ ਪ੍ਰਸ਼ੰਸਕ ਹਨ।