ਕੈਥਲ, 11 ਜੂਨ : ਹਰਿਆਣਾ ਦੇ ਕੈਥਲ ਵਿਚ ਇਕ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਕਥਿਤ ਤੌਰ ਉਤੇ ਖਾਲਿਸਤਾਨੀ ਕਹਿ ਕੇ ਇੱਟਾਂ-ਰੋੜਿਆਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਜ਼ਖ਼ਮੀ ਹਾਲਤ ਵਿਚ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਿੱਖ ਨੌਜਵਾਨ ਦਾ ਨਾਮ ਸੁਖਵਿੰਦਰ ਸਿੰਘ ਹੈ, ਜੋ ਡਿਫੈਂਸ ਕਲੋਨੀ ਵਿੱਚ ਫਰਨੀਚਰ ਦਾ ਕੰਮ ਕਰਦਾ ਹੈ। ਜਦੋਂ ਇਸ ਮਾਮਲੇ ਸਬੰਧੀ ਪੀੜਤ ਸੁਖਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਰਾਤ ਤਕਰੀਬਨ 9:30 ਵਜੇ ਉਹ ਆਪਣਾ ਕੰਮ ਖਤਮ ਕਰ ਕੇ ਸੈਕਟਰ -19 'ਚ ਸਥਿਤ ਆਪਣੇ ਘਰ ਜਾ ਰਿਹਾ ਸੀ। ਜਦੋਂ ਉਹ ਨਵੇਂ ਬੱਸ ਸਟੈਂਡ ਕੋਲ ਪੁੱਜਤ ਤਾਂ ਰੇਲਵੇ ਲਾਇਨ ਦਾ ਫਾਟਕ ਬੰਦ ਹੋਣ ਕਰਕੇ ਉਹ ਫਾਟਕ ਦੇ ਕੋਲ ਆਪਣੀ ਸਕੂਟਰੀ 'ਤੇ ਖੜਾ ਸੀ। ਥੋੜ੍ਹੀ ਦੇਰ ਬਾਅਦ ਹੀ ਸਪਲੈਂਡਰ ਮੋਟਰਸਾਈਕਲ 'ਤੇ 2 ਨੌਜਵਾਨ ਆ ਕੇ ਉਸ ਸਿੱਖ ਨੌਜਵਾਨ ਦੇ ਲਾਗੇ ਖੜੇ ਹੋ ਗਏ। ਜਿਵੇਂ ਹੀ ਰੇਲ ਗੱਡੀ ਲੰਘੀ ਤਾਂ ਫਾਟਕ ਖੁੱਲਿਆ, ਉਹ ਆਪਣੀ ਸਕੂਟਰੀ ਸਟਾਰਟ ਕਰਕੇ ਅੱਗੇ ਵਧਣ ਲੱਗਾ ਤਾਂ ਸਪਲੈਂਡਰ 'ਤੇ ਆਏ ਬਦਮਾਸ਼ਾਂ ਨੇ ਉਸ ਨੂੰ ਗਾਲ ਕੱਢ ਕੇ ਕਿਹਾ ‘ਖਾਲਿਸਤਾਨੀ ਆਗੇ ਚੱਲ।’ ਜਿਸ 'ਤੇ ਸਿੱਖ ਨੌਜਵਾਨ ਨੇ ਉਨ੍ਹਾਂ ਨੂੰ ਕਿਹਾ ਤੁਸੀਂ ਮੈਨੂੰ ਖਾਲਿਸਤਾਨੀ ਕਿਉਂ ਕਿਹਾ ਹੈ, ਸੋਚ ਸਮਝ ਕੇ ਬੋਲੋ ਤਾਂ ਉਨਾਂ ਵੱਲੋਂ ਮੇਰੇ ਨਾਲ ਗਾਲੀ ਗਲੋਚ ਕਰ ਕੇ ਅੱਗੇ ਨਿਕਲ ਗਏ। ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਮੈਂ ਫਾੜਕ ਪਾਰ ਕਰ ਕੇ ਅੱਗੇ ਗਿਆ ਤਾਂ ਉਨਾਂ ਨੇ ਮੋਟਰਸਾਇਕਲ ਅੱਗੇ ਖੜੀ ਕਰ ਕੇ ਇੱਕ ਨੇ ਮੇਰੇ ਨਾਲ ਗਾਲੀ ਗਲੋਚ ਕਰਦੇ ਹੋਏ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਮੇਰੀ ਪੱਗ ਉਤਰ ਗਈ। ਉਸੇ ਸਮੇਂ ਦੂਜੇ ਹਮਲਾਵਾਰ ਨੇ ਮੇਰੇ ਸਿਰ 'ਤੇ ਇੱਟ ਨਾਲ ਵਾਰ ਕੀਤਾ ਤਾਂ ਮੈਂ ਥੱਲੇ ਡਿੱਗ ਗਿਆ, ਫਿਰ ਦੋਨਾਂ ਨੇ ਮੇਰੇ 'ਤੇ ਇੱਟਾਂ ਨਾਲ ਵਾਰ ਕੀਤੇ ਅਤੇ ਕਿਹਾ ‘ਖਾਲਿਸਤਾਨੀ ਨੂੰ ਮਾਰ ਦੇਵਾਂਗੇ ,ਖਾਲਿਸਤਾਨੀਓਂ ਨੂੰ ਦੁਬਾਰਾ ’84 ਦੋਹਰਾ ਦੇਵਾਂਗੇ’ ਅਤੇ ਕਿਹਾ ‘ਸਾਡੇ 'ਤੇ ਪਹਿਲਾਂ ਵੀ ਇਕ ਕੇਸ ਹੈ, ਇਸ ਨੂੰ ਮਾਰ ਕੇ ਇਸ ਕੇਸ ਨੂੰ ਵੀ ਭੁਗਤ ਲਵਾਂਗੇ। ਸਿੱਖ ਨੌਜਵਾਨ ਨੇ ਦੱਸਿਆ ਕਿ ਉਸ ਦੇ ਸਿਰ 'ਤੇ ਲਗਾਤਾਰ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਮੇਰੇ 'ਤੇ ਹੋਏ ਹਮਲੇ ਨੂੰ ਵੇਖ ਕੇ ਕੋਲੋਂ ਲੰਘ ਰਹੇ ਜੇ.ਜੇ.ਪੀ. ਦੇ ਵਰਕਰ ਰਾਜੂ ਪਾਈ ਨੇ ਆ ਕੇ ਮੈਨੂੰ ਛੁਡਵਾਇਆ ਤਾਂ ਉਹ ਦੋਨੋਂ ਬਦਮਾਸ਼ ਮੋਟਰਸਾਈਕਲ ਲੈ ਕੇ ਭੱਜ ਗਏ। ਜਿਸ ਤੋਂ ਬਾਅਦ ਮੈਨੂੰ ਕੈਥਲ ਦੇ ਸਿਵਿਲ ਹਸਪਤਾਲ ਇਲਾਜ ਲਈ ਪਹੁੰਚਾਇਆ ,ਜਿਸ ਦੀ ਪੁਲਿਸ ਰਿਪੋਰਟ ਅਸੀਂ ਸੈਕਟਰ -21 ਥਾਣਾ ਸਿਵਲ ਲਾਈਨ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਜਾ ਰਹੀ ਹੈ।
ਕੈਥਲ ਵਿਚ ਇੱਕ ਸਿੱਖ ਨੌਜਵਾਨ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ : ਮਜੀਠੀਆ
ਹਰਿਆਣਾ ਦੇ ਕੈਥਲ ਵਿਚ ਇਕ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਕਥਿਤ ਤੌਰ ਉਤੇ ਖਾਲਿਸਤਾਨੀ ਕਹਿ ਕੇ ਇੱਟਾਂ-ਰੋੜਿਆਂ ਨਾਲ ਕੁੱਟਣ ਮਾਮਲੇ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਸਵਾਲ ਚੁੱਕੇ ਹਨ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਮੈਂ ਕੈਥਲ ਵਿਚ ਇੱਕ ਸਿੱਖ ਨੌਜਵਾਨ ‘ਤੇ ਹੋਏ ਹਮਲੇ ਦੀ ਸਖ਼ਤ ਨਿੰਦਾ ਕਰਦਾ ਹਾਂ। ਇਹ ਨਫ਼ਰਤੀ ਅਪਰਾਧ ਕੰਗਨਾ ਰੌਣਤ ਵੱਲੋਂ ਸਿੱਖ ਕੌਮ ਖ਼ਿਲਾਫ਼ ਕੀਤੀਆਂ ਗੱਲਾਂ ਦਾ ਨਤੀਜਾ ਹੈ। ਮੈਂ ਭਾਜਪਾ ਹਾਈਕਮਾਂਡ ਨੂੰ ਬੇਨਤੀ ਕਰਦਾ ਹਾਂ ਕਿ ਕੰਗਨਾ ਵੱਲੋਂ ਆਪਣੇ ਟਵੀਟ ਰਾਹੀਂ ਸਿੱਖ ਭਾਈਚਾਰੇ ਵਿਰੁੱਧ ਫੈਲਾਈ ਜਾ ਰਹੀ ਨਫ਼ਰਤ ਦਾ ਨੋਟਿਸ ਲਿਆ ਜਾਵੇ ਅਤੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।