ਨਵੀਂ ਦਿੱਲੀ 16 ਅਗਸਤ 2024 : ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸ਼ੁੱਕਰਵਾਰ 16 ਅਗਸਤ ਨੂੰ ਭਾਜਪਾ ਨੇਤਾ ਸੁਬਰਾਮਨੀਅਮ ਸਵਾਮੀ ਨੇ ਰਾਹੁਲ ਗਾਂਧੀ ਦੀ ਨਾਗਰਿਕਤਾ ਮਾਮਲੇ ‘ਚ ਦਿੱਲੀ ਹਾਈ ਕੋਰਟ ‘ਚ ਅਰਜ਼ੀ ਦਾਇਰ ਕੀਤੀ ਹੈ। ਦਰਅਸਲ ਸੁਬਰਾਮਨੀਅਮ ਸਵਾਮੀ ਨੇ ਕੁਝ ਦਿਨ ਪਹਿਲਾਂ ਦੋਸ਼ ਲਾਇਆ ਸੀ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਕੋਲ ਬ੍ਰਿਟਿਸ਼ ਨਾਗਰਿਕਤਾ ਹੈ। ਸਾਬਕਾ ਰਾਜ ਸਭਾ ਮੈਂਬਰ ਡਾ.ਸੁਬਰਾਮਣੀਅਮ ਸਵਾਮੀ ਨੇ ਦਿੱਲੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਰਾਹੁਲ ਦੀ ਭਾਰਤੀ ਨਾਗਰਿਕਤਾ ਰੱਦ ਕਰਨ ਲਈ ਗ੍ਰਹਿ ਮੰਤਰਾਲੇ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਹੈ। ਸੁਬਰਾਮਨੀਅਮ ਦੀ ਪਟੀਸ਼ਨ ‘ਤੇ ਅਗਲੇ ਹਫਤੇ ਦਿੱਲੀ ਹਾਈ ਕੋਰਟ ‘ਚ ਸੁਣਵਾਈ ਹੋ ਸਕਦੀ ਹੈ। ਦੱਸ ਦਈਏ ਕਿ ਸੁਬਰਾਮਨੀਅਮ ਸਵਾਮੀ ਨੇ ਪਟੀਸ਼ਨ ‘ਚ ਕਿਹਾ ਹੈ ਕਿ ਉਨ੍ਹਾਂ ਨੇ 5 ਸਾਲ ਪਹਿਲਾਂ ਗ੍ਰਹਿ ਮੰਤਰਾਲੇ ਨੂੰ ਕਾਂਗਰਸ ਨੇਤਾ ਦੀ ਨਾਗਰਿਕਤਾ ਨੂੰ ਲੈ ਕੇ ਸ਼ਿਕਾਇਤ ਦਿੱਤੀ ਸੀ ਪਰ ਗ੍ਰਹਿ ਮੰਤਰਾਲੇ ਨੇ 5 ਸਾਲਾਂ ‘ਚ ਇਹ ਸਪੱਸ਼ਟ ਨਹੀਂ ਕੀਤਾ ਕਿ ਇਸ ‘ਤੇ ਕੀ ਫੈਸਲਾ ਜਾਂ ਕਾਰਵਾਈ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਸੁਬਰਾਮਣੀਅਮ ਸਵਾਮੀ ਨੇ ਭਾਰਤੀ ਸੰਵਿਧਾਨ ਦੀ ਧਾਰਾ 9 ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਇਸ ਦੇ ਮੁਤਾਬਕ ਉਹ ਸਿਰਫ ਇਕ ਦੇਸ਼ ਦੇ ਨਾਗਰਿਕ ਹੋ ਸਕਦੇ ਹਨ। ਸਿਟੀਜ਼ਨਸ਼ਿਪ ਐਕਟ 1955 ਦੇ ਨਿਯਮਾਂ ਅਨੁਸਾਰ ਉਸ ਤੋਂ ਭਾਰਤੀ ਨਾਗਰਿਕਤਾ ਖੋਹ ਲਈ ਜਾਵੇ। ਸਵਾਮੀ ਨੇ ਕਿਹਾ ਸੀ ਕਿ ਜੇਕਰ ਕੋਈ ਨਾਗਰਿਕ ਦੂਜੇ ਦੇਸ਼ ਦੀ ਨਾਗਰਿਕਤਾ ਲੈਂਦਾ ਹੈ ਤਾਂ ਉਸ ਨੂੰ ਭਾਰਤੀ ਨਾਗਰਿਕਤਾ ਛੱਡਣੀ ਪਵੇਗੀ। ਕੇਂਦਰ ਸਰਕਾਰ ਨੇ ਅਪ੍ਰੈਲ 2019 ‘ਚ ਰਾਹੁਲ ਗਾਂਧੀ ਨੂੰ ਇਸ ਮਾਮਲੇ ‘ਚ ਨੋਟਿਸ ਵੀ ਭੇਜਿਆ ਸੀ। ਸਵਾਮੀ ਨੇ ਹੁਣ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਹ ਸਰਕਾਰ ਤੋਂ ਇਸ ਮੁੱਦੇ ‘ਤੇ ਕਾਰਵਾਈ ਦੀ ਸਥਿਤੀ ਬਾਰੇ ਪੁੱਛੇ। ਜਸਟਿਸ ਗੋਗੋਈ ਨੇ ਕਿਹਾ ਸੀ ਕਿ ਜੇਕਰ ਕੋਈ ਕੰਪਨੀ ਰਾਹੁਲ ਗਾਂਧੀ ਨੂੰ ਕਿਸੇ ਰੂਪ ‘ਚ ਬ੍ਰਿਟਿਸ਼ ਨਾਗਰਿਕ ਐਲਾਨ ਕਰਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਬ੍ਰਿਟਿਸ਼ ਹੋ ਗਏ ਹਨ। ਇਸ ਪੂਰੇ ਵਿਵਾਦ ‘ਤੇ ਰਾਹੁਲ ਦੀ ਭੈਣ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਕਿਹਾ ਸੀ ਕਿ ਪੂਰਾ ਦੇਸ਼ ਜਾਣਦਾ ਹੈ ਕਿ ਰਾਹੁਲ ਦਾ ਜਨਮ ਭਾਰਤ ‘ਚ ਹੋਇਆ ਸੀ ਅਤੇ ਉਹ ਭਾਰਤੀ ਹਨ।