ਸ਼ਿਮਲਾ, 5 ਫਰਵਰੀ : ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਅਤੇ ਬਾਰਸ਼ ਜਾਰੀ ਰਹੀ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਕਿਉਂਕਿ ਸੋਮਵਾਰ ਨੂੰ ਚਾਰ ਰਾਸ਼ਟਰੀ ਰਾਜਮਾਰਗਾਂ ਸਮੇਤ 645 ਸੜਕਾਂ ਨੂੰ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ। ਸਟੇਟ ਐਮਰਜੈਂਸੀ ਆਪਰੇਸ਼ਨ ਸੈਂਟਰ ਨੇ ਇਹ ਜਾਣਕਾਰੀ ਦਿਤੀ। ਕੇਂਦਰ ਨੇ ਕਿਹਾ ਕਿ ਸੂਬੇ ਦੀ ਰਾਜਧਾਨੀ ਸ਼ਿਮਲਾ ’ਚ 242, ਲਾਹੌਲ ਅਤੇ ਸਪੀਤੀ ’ਚ 157, ਕੁਲੂ ’ਚ 93, ਚੰਬਾ ’ਚ 61 ਅਤੇ ਮੰਡੀ ਜ਼ਿਲ੍ਹਿਆਂ ’ਚ 51 ਸੜਕਾਂ ਬੰਦ ਕਰ ਦਿਤੀਆਂ ਗਈਆਂ ਹਨ। ਸਥਾਨਕ ਮੌਸਮ ਵਿਭਾਗ ਨੇ ਦਸਿਆ ਕਿ ਪਿਛਲੇ 24 ਘੰਟਿਆਂ ’ਚ ਚਿਰਗਾਓਂ ’ਚ 35 ਸੈਂਟੀਮੀਟਰ, ਖਦਰਾਲਾ ’ਚ 30 ਸੈਂਟੀਮੀਟਰ, ਮਨਾਲੀ ’ਚ 23.6 ਸੈਂਟੀਮੀਟਰ, ਨਾਰਕੰਡਾ ’ਚ 20 ਸੈਂਟੀਮੀਟਰ, ਗੋਂਡਲਾ ’ਚ 16.5 ਸੈਂਟੀਮੀਟਰ, ਕੇਲੌਂਗ ’ਚ 15.2 ਸੈਂਟੀਮੀਟਰ, ਸ਼ਿਲਾਰੂ ’ਚ 15 ਸੈਂਟੀਮੀਟਰ, ਸਾਂਗਲਾ ’ਚ 8.2 ਸੈਂਟੀਮੀਟਰ, ਕੁਕੁਮਸੇਰੀ ’ਚ 7.1 ਸੈਂਟੀਮੀਟਰ, ਕਲਪਾ ’ਚ 7 ਸੈਂਟੀਮੀਟਰ ਅਤੇ ਸ਼ਿਮਲਾ ’ਚ 2 ਸੈਂਟੀਮੀਟਰ ਬਰਫ਼ਬਾਰੀ ਹੋਈ। ਮੌਸਮ ਵਿਭਾਗ ਨੇ ਦਸਿਆ ਕਿ ਸੁੰਦਰਨਗਰ ’ਚ ਸੱਭ ਤੋਂ ਵੱਧ 60 ਮਿਲੀਮੀਟਰ, ਕਰਸੋਗ ’ਚ 56 ਮਿਲੀਮੀਟਰ, ਜੋਗਿੰਦਰਨਗਰ ’ਚ 53 ਮਿਲੀਮੀਟਰ, ਕਤੂਲਾ ’ਚ 52 ਮਿਲੀਮੀਟਰ, ਬੈਜਨਾਥ ’ਚ 48 ਮਿਲੀਮੀਟਰ, ਸਲੈਪਰ ’ਚ 46 ਮਿਲੀਮੀਟਰ, ਭੂੰਤਰ ’ਚ 49 ਮਿਲੀਮੀਟਰ ਅਤੇ ਸਿਓਬਾਗ ਅਤੇ ਬਾਗੀ ’ਚ 42 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਮੌਸਮ ਵਿਭਾਗ ਨੇ ਕਿਹਾ ਕਿ ਘੱਟੋ-ਘੱਟ ਤਾਪਮਾਨ ’ਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਇਆ, ਹਾਲਾਂਕਿ ਵੱਡੀ ਗਿਰਾਵਟ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਘੱਟ ਰਿਹਾ। ਲਾਹੌਲ-ਸਪੀਤੀ ਦਾ ਕੁਕੁਮਸੇਰੀ ਰਾਤ ਦਾ ਸੱਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਤਾਪਮਾਨ ਮਾਈਨਸ 6.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਕਾਂਗੜਾ ਦਾ ਦੇਹਰਾ ਗੋਪੀਪੁਰ 14 ਡਿਗਰੀ ਸੈਲਸੀਅਸ ਨਾਲ ਸੱਭ ਤੋਂ ਗਰਮ ਰਿਹਾ। ਸਥਾਨਕ ਮੌਸਮ ਵਿਭਾਗ ਨੇ ਅਗਲੇ ਛੇ ਦਿਨਾਂ ਲਈ ਰਾਜ ’ਚ ਖੁਸ਼ਕ ਮੌਸਮ ਦੀ ਭਵਿੱਖਬਾਣੀ ਕੀਤੀ ਹੈ।