ਨਵੀਂ ਦਿੱਲੀ, 10 ਫਰਵਰੀ : ਕਾਂਗਰਸ ਸੰਸਦ ਰਵਨੀਤ ਸਿੰਘ ਬਿੱਟੂ ਨੇ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਬਲਾਤਕਾਰ ਅਤੇ ਕਤਲ ਦੇ ਮਾਮਲਿਆਂ ‘ਚ ਜੇਲ੍ਹ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੈਰੋਲ ਨਹੀਂ ਦਿੱਤੀ ਜਾਣੀ ਚਾਹੀਦੀ। ਸਿਫ਼ਰ ਕਾਲ ਦੌਰਾਨ ਮਾਮਲਾ ਉਠਾਉਂਦੇ ਹੋਏ ਬਿੱਟੂ ਨੇ ਕਿਹਾ, “ਉਹ ਖ਼ਤਰਨਾਕ ਬੰਦਾ ਏ… ਹਰਿਆਣਾ ਸਰਕਾਰ ਉਸ ਨੂੰ ਵਾਰ-ਵਾਰ ਰਿਹਾਅ ਕਰ ਰਹੀ ਹੈ… ਜਿਸ ਕਾਰਨ ਪੰਜਾਬ ਵਿਚ ਬੇਚੈਨੀ ਹੈ। ਉਸ ਨੂੰ ਸਲਾਖਾਂ ਪਿੱਛੇ ਹੋਣਾ ਚਾਹੀਦਾ ਹੈ ਅਤੇ ਉਸ ਲਈ ਕੋਈ ਪੈਰੋਲ ਨਹੀਂ ਹੋਣੀ ਚਾਹੀਦੀ।” ਦੱਸ ਦੀਏ ਕਿ ਪਿਛਲੇ ਮਹੀਨੇ ਡੇਰਾ ਸੱਚਾ ਸੌਦਾ ਮੁਖੀ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ। ਇਹ ਚੌਥੀ ਵਾਰ ਹੈ ਜਦੋਂ ਉਸ ਨੂੰ ਪੈਰੋਲ ਦਿੱਤੀ ਗਈ ਹੈ। ਡੇਰਾ ਮੁਖੀ ਸਣੇ ਚਾਰ ਹੋਰਾਂ ਨੂੰ ਵੀ 2021 ਵਿੱਚ ਡੇਰਾ ਪ੍ਰਬੰਧਕ ਰਣਜੀਤ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਰਚਣ ਲਈ ਦੋਸ਼ੀ ਠਹਿਰਾਇਆ ਗਿਆ ਸੀ। ਡੇਰਾ ਮੁਖੀ ਅਤੇ ਤਿੰਨ ਹੋਰਾਂ ਨੂੰ 16 ਸਾਲ ਪਹਿਲਾਂ ਇੱਕ ਪੱਤਰਕਾਰ ਦੀ ਹੱਤਿਆ ਲਈ 2019 ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।