ਦੌਸਾ (ਰਾਜਸਥਾਨ) : ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਐਮ.ਪੀ. ਰਾਹੁਲ ਗਾਂਧੀ ਦੀ ਅਗਵਾਈ ਵਾਲੀ ਭਾਰਤ ਜੋੜੋ ਯਾਤਰਾ ਅੱਜ ਕੱਲ੍ਹ ਰਾਜਸਥਾਨ ਵਿੱਚ ਹੈ, ਇਸ ਦੌਰਾਨ ਰਾਹੁਲ ਗਾਂਧੀ ਜਿੱਥੇ ਯਾਤਰਾ ਦੌਰਾਨ ਲੋਕਾਂ ਨੂੰ ਮਿਲਦੇ ਦਿਖਾਈ ਦੇ ਰਹੇ ਹਨ, ਉੱਥੇ ਉਨ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਦਿਲਚਸਪ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀਆਂ ਹਨ। ਇਸ ਯਾਤਰਾ ਦੌਰਾਨ ਜਿੱਥੇ ਰਾਹੁਲ ਗਾਂਧੀ ਫੁੱਟਬਾਲ ਖੇਡਦੇ ਦਿਖਾਈ ਦਿੱਤੇ, ਉੱਥੇ ਬੱਚਿਆਂ ਨੂੰ ਗੋਂਦ ਲੈਣ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ। ਇਸੇ ਤਰ੍ਹਾਂ ਹੀ ਰਾਜਸਥਾਨ ਦੀ ਪੈਦਲ ਯਾਤਰਾ ਦੌਰਾਨ ਵੀਰਵਾਰ ਨੂੰ ਰਾਹੁਲ ਗਾਂਧੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੀ ਇੱਕ ਬਹੁਤ ਹੀ ਦਿਲਚਸਪ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਦੋਵੇਂ ਆਗੂ ਇੱਕ ਕਿਸਾਨ ਪਰਿਵਾਰ ਦੇ ਨਾਲ ਪੱਠੇ ਕੁਦਰਦੇ ਦਿਖਾਈ ਦਿੱਤੇ, ਤਸਵੀਰ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਮਸ਼ੀਨ ਚਲਾਉਂਦੇ ਅਤੇ ਰਾਹੁਲ ਗਾਂਧੀ ਪੱਠਿਆਂ ਦਾ ਰੁੱਗ ਮਸ਼ੀਨ ਵਿੱਚ ਲਗਾਉਂਦੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਰਾਹੁਲ ਗਾਂਧੀ ਦੀ ਇੱਕ ਹੋਰ ਤਸਵੀਰ ਜਿਸ ਵਿੱਚ ਉਹ ਇੱਕ ਬੈਲਗੱਡੀ ’ਤੇ ਬੈਠੇ ਦਿਖਾਈ ਦੇ ਰਹੇ ਹਨ ਵੀ ਵਾਇਰਲ ਹੋ ਰਹੀ ਹੈ।
7 ਸਤੰਬਰ ਨੂੰ ਕੰਨਿਆ ਕੁਮਾਰੀ ਤੋਂ ਯਾਤਰਾ ਹੋਈ ਸੀ ਸ਼ੁਰੂ
ਭਾਰਤ ਜੋੜੋ ਯਾਤਰਾ ਕਾਂਗਰਸ ਪਾਰਟੀ ਦੇ ਆਗੂ ਅਤੇ ਪਾਰਲੀਮੈਂਟ ਮੈਂਬਰ ਰਾਹੁਲ ਗਾਂਧੀ ਦੀ ਅਗਵਾਈ ਹੇਠ ਮਿਤੀ 07 ਸਤੰਬਰ 2022 ਨੂੰ ਤਾਮਿਲਨਾਡੂ ਦੇ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ, ਰਾਹੁਲ ਗਾਂਧੀ ਹੁਣ ਤੱਕ 2800 ਕਿਲੋਮੀਟਰ ਤੋਂ ਜਿਆਦਾ ਦਾ ਸਫਰ ਕਰ ਚੁੱਕੇ ਹਨ, ਭਾਰਤ ਜੋੜੋ ਯਾਤਰਾ ਰਾਜਸਥਾਨ ਵਿੱਚ ਤਕਰੀਬਨ 500 ਕਿਲੋਮੀਟਰ ਦਾ ਸਫਰ ਤਹਿ ਕਰੇਗੀ , ਜਿਸ ਤੋਂ ਬਾਅਦ ਹਰਿਆਣਾ ਹੁੰਦੀ ਹੋਈ 10 ਜਨਵਰੀ ਨੂੰ ਪੰਜਾਬ ਵਿੱਚ ਸ਼ਾਮਿਲ ਹੋਵੇਗੀ।
8 ਸੂਬਿਆਂ ’ਚੋ ਲੰਘੀ ਭਾਰਤ ਜੋੜੋ ਯਾਤਰਾ
ਇਸ ਯਾਤਰਾ ਦੌਰਾਨ ਜਿੱਥੇ ਰਾਹੁਲ ਗਾਂਧੀ ਨੇ ਆਪਣੇ ਸਮਰੱਥਕਾਂ ਦਾ ਧਿਆਨ ਖਿੱਚਿਆ ਉੱਥੇ ਉਨ੍ਹਾਂ ਆਪਣੇ ਵਿਰੋਧੀਆਂ ਨੂੰ ਵੀ ਆਪਣੇ ਵੱਲ ਖਿੱਚਣ ’ਚ ਕਾਮਯਾਬ ਰਹੇ ਹਨ। ਇਸ ਯਾਤਰਾ ਦੌਰਾਨ ਜਿੱਥੇ ਕਈ ਫਿਲਮੀ ਦਿੱਗਜਾਂ ਨੇ ਸਮੂਲੀਅਤ ਕੀਤੀ, ਉੱਥੇ ਵੱਖ ਵੱਖ ਖੇਤਰ ਦੀਆਂ ਨਾਮਵਰ ਹਸਤੀਆਂ ਨੇ ਵੀ ਰਾਹੁਲ ਗਾਂਧੀ ਦੇ ਮੋਢੇ ਨਾਲ ਮੋਢਾ ਜੋੜ ਕੇ ਪੈਦਲ ਯਾਤਰਾ ਕੀਤੀ। ਯਾਤਰਾ ਤਾਮਿਲਨਾਡੂ ਤੋਂ ਸ਼ੁਰੂ ਹੋਈ ਅਤੇ ਕੇਰਲ, ਕਰਨਾਟਕਾ, ਤੇਲੰਗਾਨਾ, ਆਧਰਾ ਪ੍ਰਦੇਸ਼, ਮਹਾਂਰਾਸ਼ਟਰ, ਮੱਧ ਪ੍ਰਦੇਸ਼ ਵਿੱਚੋਂ ਦੀ ਲੰਘ ਚੁੱਕੀ ਹੈ ਅਤੇ ਮੌਜ਼ੂਦਾ ਸਮੇਂ ’ਚ ਰਾਜਸਥਾਨ ਵਿੱਚ ਹੈ। 8 ਦਿਨ ਆਰਾਮ ਕਰਨ ਤੋਂ ਬਾਅਦ ਭਾਰਤ ਜੋੜੋ ਯਾਤਰਾ ਹਰਿਆਣਾ, ਉੱਤਰ ਪ੍ਰਦੇਸ਼ ਅਤੇ ਪੰਜਾਬ ਤੋਂ ਹੁੰਦੀ ਹੋਈ ਜੰਮੂ ਕਸ਼ਮੀਰ ਵਿਖੇ ਪਹੁੰਚ ਕੇ ਖ਼ਤਮ ਹੋਵੇਗੀ।