ਕੋਹਿਮਾ, 16 ਜਨਵਰੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਅਯੁੱਧਿਆ ’ਚ 22 ਜਨਵਰੀ ਨੂੰ ਹੋਣ ਵਾਲੇ ‘ਪ੍ਰਾਣ ਪ੍ਰਤਿਸ਼ਠਾ’ ਪ੍ਰੋਗਰਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰ.ਐੱਸ.ਐੱਸ. ਦਾ ਸਿਆਸੀ ਅਤੇ ਪ੍ਰੋਗਰਾਮ ਬਣਾ ਦਿਤਾ ਗਿਆ ਹੈ ਅਤੇ ਇਸੇ ਲਈ ਪਾਰਟੀ ਦੇ ਚੋਟੀ ਦੇ ਨੇਤਾਵਾਂ ਨੇ ਇਸ ’ਚ ਸ਼ਾਮਲ ਨਾ ਹੋਣ ਦਾ ਫੈਸਲਾ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਗੱਠਜੋੜ ‘ਇੰਡੀਆ’ ਬਹੁਤ ਚੰਗੀ ਸਥਿਤੀ ’ਚ ਹੈ ਅਤੇ ਇਸ ਲੋਕ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਹਰਾ ਦੇਵੇਗਾ। ਅਯੁੱਧਿਆ ’ਚ ਭਗਵਾਨ ਰਾਮ ਦੇ ਪੂਜਾ ਪ੍ਰੋਗਰਾਮ ਨਾਲ ਜੁੜੇ ਸਵਾਲ ’ਤੇ ਰਾਹੁਲ ਗਾਂਧੀ ਨੇ ਕਿਹਾ, ‘‘ਆਰ.ਐੱਸ.ਐੱਸ. ਅਤੇ ਭਾਜਪਾ ਨੇ 22 ਜਨਵਰੀ ਦੇ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸਿਆਸੀ ਬਣਾ ਦਿਤਾ ਹੈ। ਇਹ ਆਰ.ਐੱਸ.ਐੱਸ. ਅਤੇ ਭਾਜਪਾ ਦਾ ਪ੍ਰੋਗਰਾਮ ਬਣ ਗਿਆ ਹੈ। ਇਸ ਲਈ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਪ੍ਰੋਗਰਾਮ ’ਚ ਨਹੀਂ ਜਾਣਗੇ। ਅਸੀਂ ਸਾਰੇ ਧਰਮਾਂ ਦੇ ਨਾਲ ਹਾਂ। ਇਥੋਂ ਤਕ ਕਿ ਹਿੰਦੂ ਧਰਮ ਨਾਲ ਜੁੜੇ ਸੱਭ ਤੋਂ ਪ੍ਰਮੁੱਖ ਲੋਕਾਂ (ਸ਼ੰਕਰਾਚਾਰੀਆ) ਨੇ ਵੀ ਅਪਣੇ ਵਿਚਾਰ ਪ੍ਰਗਟ ਕੀਤੇ ਹਨ ਕਿ ਇਹ ਇਕ ਸਿਆਸੀ ਪ੍ਰੋਗਰਾਮ ਹੈ। ਇਸ ਲਈ ਸਾਡੇ ਲਈ ਪ੍ਰਧਾਨ ਮੰਤਰੀ ਅਤੇ ਆਰ.ਐੱਸ.ਐੱਸ. ਦੇ ਆਲੇ-ਦੁਆਲੇ ਯੋਜਨਾਬੱਧ ਪ੍ਰੋਗਰਾਮ ਵਿਚ ਸ਼ਾਮਲ ਹੋਣਾ ਬਹੁਤ ਮੁਸ਼ਕਲ ਹੈ।’’ ਹਾਲਾਂਕਿ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਕੋਈ ਵੀ ਵਿਅਕਤੀ ਜੋ ਦਰਸ਼ਨਾਂ ਲਈ ਜਾਣਾ ਚਾਹੁੰਦਾ ਹੈ, ਉਹ ਜਾ ਸਕਦਾ ਹੈ। ਵਿਰੋਧੀ ਧਿਰ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ (ਇੰਡੀਆ) ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਇਹ ਵਿਚਾਰਧਾਰਾ ਦੀ ਯਾਤਰਾ ਹੈ। ‘ਇੰਡੀਆ’ ਚੰਗੀ ਤਰ੍ਹਾਂ ਲੜੇਗਾ ਅਤੇ ਜਿੱਤੇਗਾ। ਇਕ ਚੋਣ ਮੁਹਿੰਮ ਸ਼ੁਰੂ ਕੀਤੀ ਜਾਵੇਗੀ ਜਿਸ ’ਚ ਅਸੀਂ ਸਾਰੇ ਹਿੱਸਾ ਲਵਾਂਗੇ। ’’ ਇਸ ਨਾਲ ਜੁੜੇ ਇਕ ਹੋਰ ਸਵਾਲ ਦੇ ਜਵਾਬ ’ਚ ਰਾਹੁਲ ਗਾਂਧੀ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਸਥਿਤੀ ਬਹੁਤ ਚੰਗੀ ਹੈ। ਉਨ੍ਹਾਂ ਕਿਹਾ, ‘‘ਗੱਲਬਾਤ ਚੰਗੀ ਤਰ੍ਹਾਂ ਚੱਲ ਰਹੀ ਹੈ... ਮੈਨੂੰ ਲਗਦਾ ਹੈ ਕਿ ਜ਼ਿਆਦਾਤਰ ਥਾਵਾਂ ਆਸਾਨ ਹਨ। ਮੈਨੂੰ ਲਗਦਾ ਹੈ ਕਿ ਅਸੀਂ ਸੀਟਾਂ ਦੀ ਵੰਡ ਅਤੇ ਹੋਰ ਚੀਜ਼ਾਂ ਨੂੰ ਜਲਦੀ ਹੀ ਪੂਰਾ ਕਰ ਲਵਾਂਗੇ।’’ ਰਾਹੁਲ ਗਾਂਧੀ ਨੇ ਕਿਹਾ ਕਿ ‘ਭਾਰਤ ਜੋੜੋ ਨਿਆਂ ਯਾਤਰਾ’ ਦਾ ਉਦੇਸ਼ ਸਮਾਜਕ ਨਿਆਂ, ਸਿਆਸੀ ਨਿਆਂ, ਆਰਥਕ ਨਿਆਂ ਨਾਲ ਜੁੜੇ ਮੁੱਦਿਆਂ ਨੂੰ ਉਠਾਉਣਾ ਹੈ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘‘ਅਸੀਂ ਮਨੀਪੁਰ ਤੋਂ ਯਾਤਰਾ ਸ਼ੁਰੂ ਕੀਤੀ ਸੀ ਕਿਉਂਕਿ ਇੱਥੇ ਇਕ ਦੁਖਾਂਤ ਵਾਪਰਿਆ ਸੀ। ਇਹ ਸ਼ਰਮਨਾਕ ਹੈ ਕਿ ਪ੍ਰਧਾਨ ਮੰਤਰੀ ਨੇ ਮਨੀਪੁਰ ਆਉਣਾ ਉਚਿਤ ਨਹੀਂ ਸਮਝਿਆ। ਪ੍ਰਧਾਨ ਮੰਤਰੀ ਨੇ ਨਾਗਾਲੈਂਡ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ।’’ ਉਨ੍ਹਾਂ ਦਾਅਵਾ ਕੀਤਾ ਕਿ ਨਾਗਾ ਸਮੱਸਿਆ ਦੇ ਹੱਲ ਲਈ ਲੋਕਾਂ ਦੀ ਗੱਲ ਸੁਣਨਾ ਅਤੇ ਗੱਲਬਾਤ ਜ਼ਰੂਰੀ ਹੈ ਪਰ ਪ੍ਰਧਾਨ ਮੰਤਰੀ ਅਜਿਹਾ ਨਹੀਂ ਕਰ ਰਹੇ। ਲੋਕ ਸਭਾ ਚੋਣਾਂ ਤੋਂ ਪਹਿਲਾਂ ਕੱਢੀ ਜਾ ਰਹੀ ਇਹ ਯਾਤਰਾ 67 ਦਿਨਾਂ ’ਚ 15 ਸੂਬਿਆਂ ਅਤੇ 110 ਜ਼ਿਲ੍ਹਿਆਂ ਨੂੰ ਕਵਰ ਕਰੇਗੀ। ‘ਭਾਰਤ ਜੋੜੋ ਨਿਆਂ ਯਾਤਰਾ’ ਦੌਰਾਨ ਲਗਭਗ 6,700 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ। ਯਾਤਰਾ ਜ਼ਿਆਦਾਤਰ ਬੱਸ ਰਾਹੀਂ ਹੁੰਦੀ ਹੈ ਪਰ ਕੁੱਝ ਥਾਵਾਂ ’ਤੇ ਪਦਯਾਤਰਾ ਵੀ ਕੀਤੀ ਜਾ ਰਹੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 7 ਸਤੰਬਰ, 2022 ਤੋਂ 30 ਜਨਵਰੀ, 2023 ਤਕ ਕੰਨਿਆਕੁਮਾਰੀ ਤੋਂ ਕਸ਼ਮੀਰ ਤਕ ‘ਭਾਰਤ ਜੋੜੋ ਯਾਤਰਾ’ ਕੱਢੀ। ਉਨ੍ਹਾਂ ਦੀ 136 ਦਿਨਾਂ ਦੀ ਪਦਯਾਤਰਾ ਨੇ 4,081 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਅਤੇ 12 ਸੂਬਿਆਂ ਅਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 76 ਲੋਕ ਸਭਾ ਹਲਕਿਆਂ ਤੋਂ ਲੰਘੀ।