ਨਵੀਂ ਦਿੱਲੀ, 21 ਜਨਵਰੀ : ਗੁਜਰਾਤ ਦੇ ਅਮਰੇਲੀ ਸ਼ਹਿਰ ’ਚ ਖੋਡਲਧਾਮ ਟਰੱਸਟ ਕੈਂਸਰ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਨੂੰ ਵਰਚੁਅਲ ਤੌਰ ’ਤੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਦੇਸ਼ ’ਚ ਸੈਰ-ਸਪਾਟੇ ਨੂੰ ਉਤਸ਼ਾਹਤ ਕਰਨ ’ਚ ਮਦਦ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਿਦੇਸ਼ਾਂ ’ਚ ਭਾਰਤੀਆਂ ਦੇ ਵਿਆਹ ਕਰਨ ਦੇ ਵੱਧ ਰਹੇ ਰਿਵਾਜ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਦੇਸ਼ ’ਚ ਦੇਸ਼ ਦੀ ਦੌਲਤ ਬਣਾਈ ਰੱਖਣ ਲਈ ਲੋਕਾਂ ਨੂੰ ‘ਭਾਰਤ ’ਚ ਹੀ ਵਿਆਹ ਕਰਨ’ ਲਈ ਉਤਸ਼ਾਹਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਇਹ ਯਕੀਨੀ ਬਣਾਉਣ ਲਈ ਕਦਮ ਚੁਕੇ ਹਨ ਕਿ ਲੋਕਾਂ ਨੂੰ ਕੈਂਸਰ ਦੇ ਇਲਾਜ ਵਿਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਲਈ ਡਾਕਟਰੀ ਦੇਖਭਾਲ ਪ੍ਰਦਾਨ ਕਰਨ ਅਤੇ ਕਿਫਾਇਤੀ ਕੀਮਤਾਂ ’ਤੇ ਦਵਾਈਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਲਗਭਗ 30 ਨਵੇਂ ਹਸਪਤਾਲ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ 1.5 ਲੱਖ ਤੋਂ ਵੱਧ ਆਯੁਸ਼ਮਾਨ ਆਰੋਗਯ ਮੰਦਰ (ਸਿਹਤ ਕੇਂਦਰ) ਵੀ ਬਣਾਏ ਗਏ ਹਨ ਤਾਂ ਜੋ ਬਿਮਾਰੀ ਦੀ ਜਲਦੀ ਪਛਾਣ ਕੀਤੀ ਜਾ ਸਕੇ। ਸ਼੍ਰੀ ਖੋਡਲਧਾਮ ਟਰੱਸਟ-ਕਾਗਵਾੜ ਦਾ ਪ੍ਰਬੰਧਨ ਕਰਨ ਵਾਲੇ ਲੇਵਾ ਪਾਟੀਦਾਰ ਭਾਈਚਾਰੇ ਦੇ ਮੈਂਬਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ‘‘ਕੀ ਵਿਦੇਸ਼ ’ਚ ਵਿਆਹ ਕਰਨਾ ਠੀਕ ਹੈ? ਕੀ ਸਾਡੇ ਦੇਸ਼ ’ਚ ਵਿਆਹ ਨਹੀਂ ਹੋ ਸਕਦਾ? ਭਾਰਤ ਦਾ ਕਿੰਨਾ ਪੈਸਾ ਬਾਹਰ ਜਾਂਦਾ ਹੈ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਤੁਹਾਨੂੰ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਕਿ ਵਿਦੇਸ਼ ’ਚ ਵਿਆਹ ਕਰਨ ਦੀ ਬੀਮਾਰੀ ਤੁਹਾਡੇ ਭਾਈਚਾਰੇ ’ਚ ਨਾ ਆਵੇ।