ਪਟਨਾ : ਤਖ਼ਤ ਸ੍ਰੀ ਪਟਨਾ ਸਾਹਿਬ ਦਾ ਵਿਵਾਦ ਵਧਦਾ ਹੀ ਜਾ ਰਿਹਾ ਹੈ, ਹੁਣ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੁਕਮਨਾਮਾ ਭੇਜਿਆ ਗਿਆ ਹੈ। ਜਿਸ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਤੁਹਾਡੇ ਫ਼ੈਸਲਿਆਂ ਨੂੰ ਰੱਦ ਕਰਦੇ ਹਾਂ ਕਿਉਂਕਿ ਤੁਹਾਡੇ ਵੱਲੋਂ ਲਏ ਗਏ ਫ਼ੈਸਲੇ ਨਿਰਪੱਖ ਨਹੀਂ ਹਨ। ਤੁਹਾਡੇ ਫੈਸਲਿਆਂ ਕਰਕੇ ਮਾਹੌਲ ਤਣਾਅਪੂਰਨ ਹੋ ਰਿਹਾ ਹੈ ਅਤੇ ਸਾਡੀ ਮਰਜ਼ੀ ਤੋਂ ਬਿਨਾਂ ਇੱਥੇ ਕੋਈ ਦਖਲ ਨਹੀਂ ਦੇ ਸਕਦਾ। ਕਿਸੇ ਵੀ ਤਖ਼ਤ ਸਾਹਿਬ ਵੱਲੋਂ ਲਿਆ ਗਿਆ ਫ਼ੈਸਲਾ ਪਟਨਾ ਸਾਹਿਬ ’ਤੇ ਲਾਗੂ ਨਹੀਂ ਹੋ ਸਕਦਾ। ਪੰਜ ਪਿਆਰਿਆਂ ਨੇ ਕਿਹਾ ਕਿ ਪ੍ਰਬੰਧਕੀ ਬੋਰਡ ਨੂੰ ਗੈਰ-ਸੰਵਿਧਾਨਿਕ ਤਰੀਕੇ ਨਾਲ ਤਲਬ ਕੀਤਾ ਗਿਆ ਸੀ। ਪੰਜ ਪਿਆਰਿਆਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਕੋਲੋਂ ਸਵਾਲ ਪੁੱਛੇ ਹਨ ਕਿ ਪ੍ਰਬੰਧਕੀ ਬੋਰਡ ਨੂੰ ਤੁਸੀਂ ਕਿਸ ਆਧਾਰ ’ਤੇ ਤਲਬ ਕੀਤਾ ਸੀ। ਇਸ ਦੇ ਨਾਲ ਹੀ ਪੰਜ ਪਿਆਰਿਆਂ ਨੇ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ 2 ਦਿਨਾਂ ਦੇ ਅੰਦਰ-ਅੰਦਰ ਲਿਖਤੀ ਰੂਪ ਵਿਚ ਜਾਂ ਕਿਸੇ ਨਿੱਜੀ ਸਹਾਇਕ ਰਾਹੀਂ ਆਪਣਾ ਜਵਾਬ ਦੇਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਕਿਹਾ ਗਿਆ ਹੈ ਕਿ ਤੁਸੀਂ ਅੱਗੇ ਤੋਂ ਤਖ਼ਤ ਸ੍ਰੀ ਹਰਿਮੰਦਰ ਸਾਹਿਬ ਜੀ ਪਟਨਾ ਸਾਹਿਬ ਵਿਖੇ ਕਿਸੇ ਪ੍ਰਕਾਰ ਦੇ ਫ਼ੈਸਲੇ ਵਿਚ ਕੋਈ ਵੀ ਆਦੇਸ਼ ਜਾਰੀ ਨਹੀਂ ਕਰੋਗੇ ਅਤੇ ਜੇ ਜ਼ਿਕਰ ਕਰਦੇ ਹੋ ਤਾਂ ਉਹ ਮੰਨਣਯੋਗ ਨਹੀਂ ਹੋਵੇਗਾ।