ਨਵੀਂ ਦਿੱਲੀ, 06 ਜਨਵਰੀ : ਦੇਸ਼ ਦੇ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਹੇਠ ਬਣਾਈ ਗਈ ਇੱਕ ਰਾਸ਼ਟਰ, ਇੱਕ ਚੋਣ ਕਮੇਟੀ ਵੱਲੋਂ ਦੇਸ਼ ‘ਚ ਇੱਕੋ ਸਮੇਂ ਚੋਣਾਂ ਕਰਵਾਉਣ ਲਈ ਮੌਜ਼ੂਦਾ ਕਾਨੂੰਨੀ-ਪ੍ਰਸ਼ਾਸ਼ਕੀ ਢਾਂਚੇ ‘ਚ ਕੁੱਝ ਬਦਲਾਅ ਕਰਨ ਲਈ ਲੋਕਾਂ ਤੋਂ ਸੁਝਾਓ ਮੰਗੇ ਹਨ, ਇਸ ਸਬੰਧੀ ਉੱਚ ਪੱਧਰੀ ਕਮੇਟੀ ਨੇ ਜਨਤਕ ਨੋਟਿਸ ਕਰਦਿਆਂ ਕਿਹਾ ਕਿ 15 ਜਨਵਰੀ ਤਕ ਪ੍ਰਾਪਤ ਸੁਝਾਵਾਂ ’ਤੇ ਵਿਚਾਰ ਕੀਤਾ ਜਾਵੇਗਾ। ਨੋਟਿਸ ਵਿਚ ਕਿਹਾ ਗਿਆ ਹੈ ਕਿ ਸੁਝਾਅ ਕਮੇਟੀ ਦੀ ਵੈੱਬਸਾਈਟ ’ਤੇ ਦਿਤੇ ਜਾ ਸਕਦੇ ਹਨ ਜਾਂ ਈ-ਮੇਲ ਰਾਹੀਂ ਭੇਜੇ ਜਾ ਸਕਦੇ ਹਨ। ਕਮੇਟੀ ਦਾ ਗਠਨ ਪਿਛਲੇ ਸਾਲ ਸਤੰਬਰ ’ਚ ਕੀਤਾ ਗਿਆ ਸੀ ਅਤੇ ਉਦੋਂ ਤੋਂ ਦੋ ਮੀਟਿੰਗਾਂ ਹੋ ਚੁਕੀਆਂ ਹਨ। ਇਸ ਨੇ ਹਾਲ ਹੀ ’ਚ ਸਿਆਸੀ ਪਾਰਟੀਆਂ ਨੂੰ ਚਿੱਠੀ ਲਿਖ ਕੇ ਦੇਸ਼ ’ਚ ਇਕੋ ਸਮੇਂ ਚੋਣਾਂ ਕਰਵਾਉਣ ਬਾਰੇ ਉਨ੍ਹਾਂ ਦੇ ਵਿਚਾਰ ਮੰਗੇ ਸਨ। ਇਹ ਚਿੱਠੀਆਂ ਛੇ ਕੌਮੀ ਪਾਰਟੀਆਂ, 22 ਸੂਬਾਈ ਪਾਰਟੀਆਂ ਅਤੇ ਸੱਤ ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਨੂੰ ਭੇਜੀਆਂ ਗਈਆਂ ਹਨ। ਕਮੇਟੀ ਨੇ ਇਕੋ ਸਮੇਂ ਚੋਣਾਂ ਕਰਵਾਉਣ ਬਾਰੇ ਕਾਨੂੰਨ ਕਮਿਸ਼ਨ ਦੇ ਵਿਚਾਰ ਵੀ ਸੁਣੇ। ਇਸ ਮੁੱਦੇ ’ਤੇ ਕਾਨੂੰਨ ਕਮਿਸ਼ਨ ਨੂੰ ਮੁੜ ਬੁਲਾਇਆ ਜਾ ਸਕਦਾ ਹੈ। ਕਮੇਟੀ ਦਾ ਉਦੇਸ਼ ਭਾਰਤ ਦੇ ਸੰਵਿਧਾਨ ਅਤੇ ਹੋਰ ਕਾਨੂੰਨੀ ਵਿਵਸਥਾਵਾਂ ਦੇ ਤਹਿਤ ਮੌਜੂਦਾ ਢਾਂਚੇ ਨੂੰ ਧਿਆਨ ’ਚ ਰਖਦੇ ਹੋਏ ਲੋਕ ਸਭਾ, ਰਾਜ ਵਿਧਾਨ ਸਭਾਵਾਂ, ਨਗਰ ਨਿਗਮਾਂ ਅਤੇ ਪੰਚਾਇਤਾਂ ਦੀਆਂ ਚੋਣਾਂ ਇਕੋ ਸਮੇਂ ਕਰਵਾਉਣ ਲਈ ਸਿਫਾਰਸ਼ਾਂ ਕਰਨਾ ਹੈ ਅਤੇ ਇਸ ਉਦੇਸ਼ ਲਈ ਲੋਕ ਪ੍ਰਤੀਨਿਧਤਾ ਐਕਟ, 1950, ਲੋਕ ਪ੍ਰਤੀਨਿਧਤਾ ਐਕਟ, 1951 ਅਤੇ ਨਿਯਮਾਂ ਅਤੇ ਹੋਰ ਕਾਨੂੰਨਾਂ ’ਚ ਭਾਰਤ ਦੇ ਸੰਵਿਧਾਨ ’ਚ ਵਿਸ਼ੇਸ਼ ਸੋਧਾਂ ਦੀ ਸਿਫਾਰਸ਼ ਕਰਨਾ ਹੈ ਜੋ ਇਕੋ ਸਮੇਂ ਚੋਣਾਂ ਕਰਵਾਉਣ ਲਈ ਜ਼ਰੂਰੀ ਹੋ ਸਕਦੀਆਂ ਹਨ।