ਨਵੀਂ ਦਿੱਲੀ, 15 ਫਰਵਰੀ : ਭਾਰਤ ਜੋੜੋ ਯਾਤਰਾ ਦੀ ਕਾਮਯਾਬੀ ਨੂੰ ਕਾਂਗਰਸ ਦੀ ਸਿਆਸੀ ਵਾਪਸੀ ਲਈ ਬੁਨਿਆਦ ਮੰਨ ਰਹੀ ਪਾਰਟੀ ਨੇ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਪੂਰਬੀ ਅਰੁਣਾਚਲ ਪ੍ਰਦੇਸ਼ ਤੋਂ ਪੱਛਮ ’ਚ ਗੁਜਰਾਤ ਤੱਕ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ 2.0 ਦੀ ਯੋਜਨਾ ’ਤੇ ਚਰਚਾ ਸ਼ੁਰੂ ਕਰ ਦਿੱਤੀ ਹੈ। ਇਸ ਯਾਤਰਾ ਨੂੰ ਅਰੁਣਾਚਲ ਦੇ ਲੋਹਿਤ ਜ਼ਿਲ੍ਹੇ ਦੇ ਪਰਸ਼ੂਰਾਮ ਕੁੰਡ ਤੋਂ ਸ਼ੁਰੂ ਕਰ ਕੇ ਮਹਾਤਮਾ ਗਾਂਧੀ ਦੇ ਜਨਮ ਸਥਾਨ ਪੋਰਬੰਦਰ ’ਚ ਖ਼ਤਮ ਕਰਨ ਦੀ ਰੂਪਰੇਖਾ ’ਤੇ ਪਾਰਟੀ ਚਰਚਾ ਕਰ ਰਹੀ ਹੈ। ਕਾਂਗਰਸ ਦੇ ਰਾਏਪੁਰ ’ਚ 24 ਤੋਂ 26 ਫਰਵਰੀ ਤੱਕ ਹੋਣ ਵਾਲੇ ਪਲੇਨਰੀ ਸੈਸ਼ਨ ਤੋਂ ਬਾਅਦ ਪੂਰਬ ਤੋਂ ਪੱਛਮ ਤੱਕ ਦੀ ਰਾਹੁਲ ਦੀ ਅਗਲੀ ਯਾਤਰਾ ਨੂੰ ਅੰਤਿਮ ਰੂਪ ਦਿੱਤੇ ਜਾਣ ਦੇ ਸੰਕੇਤ ਹਨ। ਲੰਬੇ ਸਮੇਂ ਤੋਂ ਸਿਆਸੀ ਉਥਲ-ਪੁਥਲ ਦੇ ਦੌਰ ਨਾਲ ਰੂਬਰੂ ਹੋ ਰਹੀ ਕਾਂਗਰਸ ਨੂੰ ਭਾਰਤ ਜੋੜੋ ਯਾਤਰਾ ਨੇ ਸਿਆਸੀ ਸੰਘਰਸ਼ ਦੀ ਦਿਸ਼ਾ ਦਿਖਾਈ ਹੈ ਤੇ 2024 ਤੱਕ ਪਾਰਟੀ ਇਸ ਨੂੰ ਨਰਮ ਨਹੀਂ ਪੈਣ ਦੇਣਾ ਚਾਹੁੰਦੀ। ਇਸ ਲਈ ਦੱਖਣ ਤੋਂ ਉੱਤਰ ਤੋਂ ਬਾਅਦ ਅਗਲੀਆਂ ਲੋਕ ਸਭਾ ਚੋਣਾਂ ਦੀਆਂ ਤਿਆਰੀ ਦੇ ਲਿਹਾਜ਼ ਨਾਲ ਪੂਰਬ ਤੋਂ ਪੱਛਮ ਨੂੰ ਜੋੜਨ ਦੀ ਰਾਹੁਲ ਦੀ ਤਜਵੀਜ਼ਸ਼ੁਦਾ ਯਾਤਰਾ ਨੂੰ ਪਾਰਟੀ ਆਪਣੇ ਪ੍ਰਭਾਵੀ ਸਿਆਸੀ ਹਥਿਆਰ ਵਜੋਂ ਦੇਖ ਰਹੀ ਹੈ। ਪਾਰਟੀ ਦੇ ਭਰੋਸੇਮੰਦ ਸੂਤਰਾਂ ਨੇ ਕਿਹਾ ਕਿ ਰਾਹੁਲ ਦੀ ਭਾਰਤ ਜੋੜੋ ਯਾਤਰਾ 2.0 ਦੀ ਯੋਜਨਾ ’ਤੇ ਅੰਦਰੂਨੀ ਚਰਚਾ ਸ਼ੁਰੂ ਹੋ ਗਈ ਹੈ। ਅਰੁਣਾਚਲ ਦੇ ਪਰਸ਼ੂਰਾਮ ਕੁੰਡ ਤੋਂ ਗੁਜਰਾਤ ਦੇ ਪੋਰਬੰਦਰ ਦਾ ਰੂਟ ਵੀ ਸੰਭਾਵਿਤ ਤੌਰ ’ਤੇ ਤੈਅ ਹੈ। ਪਰ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਇਸ ਦੀ ਅੰਤਿਮ ਰੂਪਰੇਖਾ ਤੇ ਯਾਤਰਾ ਦੀ ਤਰੀਕ ’ਤੇ ਆਉਣ ਵਾਲੇ ਦਿਨਾਂ ’ਚ ਫ਼ੈਸਲਾ ਕਰੇਗੀ। ਅਰੁਣਾਚਲ ਦੇ ਲੋਹਿਤ ਜ਼ਿਲ੍ਹੇ ’ਚ ਸਥਿਤ ਪਰਸ਼ੂਰਾਮ ਕੁੰਡ ਜਿੱਥੋਂ ਯਾਤਰਾ ਸ਼ੁਰੂ ਕਰਨ ਦੀ ਯੋਜਨਾ ਹੈ, ਉਹ ਪੌਰਾਣਿਕ ਗ੍ਰੰਥਾਂ ਮੁਤਾਬਕ ਭਗਵਾਨ ਪਰਸ਼ੂਰਾਮ ਨਾਲ ਸਿੱਧਾ ਜੁੜਿਆ ਹੈ ਜਿਨ੍ਹਾਂ ਨੂੰ ਭਗਵਾਨ ਵਿਸ਼ਨੂੰ ਦਾ ਛੇਵਾਂ ਅਵਤਾਰ ਮੰਨਿਆ ਜਾਂਦਾ ਹੈ। ਜਦਕਿ ਮਹਾਤਮਾ ਗਾਂਧੀ ਦੇ ਜਨਮ ਸਥਾਨ ਪੋਰਬੰਦਰ ਦੀ ਆਧੁਨਿਕ ਭਾਰਤ ਦੇ ਇਤਿਹਾਸ ’ਚ ਅਹਿਮ ਥਾਂ ਹੈ। ਪਾਰਟੀ ਦੇ ਇਕ ਹੋਰ ਸੂਤਰਾਂ ਮੁਤਾਬਕ, ਰਾਹੁਲ ਦੇ ਪੂਰਬ ਤੇ ਪੱਛਮ ਤੱਕ ਦੇ ਯਾਤਰਾ ਕਾਰੀਡੋਰ ਦੀ ਰੂਪਰੇਖਾ ਦੀ ਯੋਜਨਾ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੁਕਾਬਲੇ ਵਿਰੋਧੀ ਧਿਰ ਦਾ ਚਿਹਰਾ ਕੌਣ ਹੋਵੇਗਾ, ਇਸ ਦੀ ਲੰਬੇ ਸਮੇਂ ਤੋਂ ਚੱਲ ਰਹੀ ਬਹਿਸ ’ਚ ਰਾਹੁਲ ਗਾਂਧੀ ਨੇ ਇਸ ਦੌੜ ’ਚ ਸ਼ਾਮਲ ਸਾਰੀਆਂ ਖੇਤਰੀ ਪਾਰਟੀਆਂ ਦੇ ਕਈ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ ਤੇ ਪੂਰਬ ਤੋਂ ਪੱਛਮ ਦੀ ਯਾਤਰਾ ’ਤੇ ਨਿਕਲ ਕੇ ਰਾਹੁਲ ਵਿਰੋਧੀ ਧਿਰ ਦੀ ਲੀਡਰਸ਼ਿਪ ਦੀ ਰਹੀ-ਸਹੀ ਬਹਿਸ ਦੀ ਗੁੰਜਾਇਸ਼ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੇ।