ਨਵੀਂ ਦਿੱਲੀ, 5 ਫਰਵਰੀ : ਲੋਕ ਸਭਾ 2024 ਦੀਆਂ ਚੋਣਾਂ ਦਾ ਸਮਾਂ ਨਜਦੀਕ ਆ ਰਿਹਾ ਹੈ। ਜਿਸ ਨੂੰ ਦੇਖਦੇ ਚੋਣ ਕਮਿਸ਼ਨ ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕੀਤੀਆਂ ਹਨ। ਇਲੈਕਸ਼ਨ ਕਮਿਸ਼ਨ ਨੇ ਸਾਰੀਆਂ ਸਿਆਸੀ ਪਾਰਟੀਆਂ ਲਈ ਨਵੀਂਆਂ ਹਦਾਇਤਾਂ ਜਾਰੀ ਕੀਤੀਆਂ ਹਨ। ਇਹਨਾਂ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੀ ਪਾਰਟੀ 'ਤੇ ਕਾਰਵਾਈ ਕੀਤੀ ਜਾਵੇਗੀ। ਚੋਣ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਕੋਈ ਵੀ ਸਿਆਸੀ ਪਾਰਟੀ ਬੱਚਿਆਂ ਨੂੰ ਆਪਣੇ ਪ੍ਰਚਾਰ ਦਾ ਹਿੱਸਾ ਨਹੀਂ ਬਣਾ ਸਕੇਗੀ। ਬੱਚਿਆਂ ਨੂੰ ਪ੍ਰਚਾਰ ਲਈ ਕਿਸੇ ਵੀ ਪਲੇਟਫਾਰਮ 'ਤੇ ਨਹੀਂ ਲਿਆਂਦਾ ਜਾਵੇਗਾ, ਚਾਹੇ ਉਹ ਟੀਵੀ 'ਤੇ ਹੋਵੇ, ਜਾਂ ਇੰਟਰਨੈੱਟ 'ਤੇ ਜਾਂ ਫਿਰ ਰੈਲੀਆਂ ਵਿੱਚ ਹੋਵੇ। ਚੋਣ ਕਮਿਸ਼ਨ ਨੇ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ ਉਹ ਪੋਸਟਰ ਅਤੇ ਪੈਂਫਲੈਟ ਵੰਡਣ ਜਾਂ ਨਾਅਰੇਬਾਜ਼ੀ ਸਮੇਤ ਕਿਸੇ ਵੀ ਤਰ੍ਹਾਂ ਦੇ ਪ੍ਰਚਾਰ ਵਿੱਚ ਬੱਚਿਆਂ ਦੀ ਵਰਤੋਂ ਨਾ ਕਰਨ। ਚੋਣ ਕਮਿਸ਼ਨ ਨੇ ਕਿਹਾ ਕਿ ਰਾਜਨੀਤਿਕ ਪਾਰਟੀਆਂ ਜਾਂ ਨੇਤਾ ਚੋਣ ਪ੍ਰਚਾਰ ਵਿੱਚ ਬੱਚਿਆਂ ਦੀ ਵਰਤੋਂ ਨਹੀਂ ਕਰਨਗੇ। ਨੇਤਾ ਚੋਣ ਪ੍ਰਚਾਰ ਦੌਰਾਨ ਕਿਸੇ ਵੀ ਬੱਚੇ ਨੂੰ ਗੋਦ ਨਹੀਂ ਲੈਣਗੇ। ਬੱਚੇ ਕਾਰ ਵਿੱਚ ਨਹੀਂ ਬੈਠਣਗੇ ਤੇ ਰੈਲੀਆਂ ਵਿੱਚ ਸ਼ਾਮਲ ਨਹੀਂ ਕੀਤੇ ਜਾ ਸਕਦੇ। ਕਿਸੇ ਵੀ ਬੱਚੇ ਨੂੰ ਰੈਲੀਆਂ ਜਾਂ ਮੀਟਿੰਗਾਂ ਵਿੱਚ ਕਵਿਤਾਵਾਂ, ਗੀਤ, ਭਾਸ਼ਣ ਗਾਉਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਕਿਸੇ ਰਾਜਨੀਤਿਕ ਨੇਤਾ ਦਾ ਬੱਚਾ ਰਿਸ਼ਤੇਦਾਰ ਆਪਣੇ ਮਾਪਿਆਂ ਨਾਲ ਜਾ ਸਕਦਾ ਹੈ। ਹਾਲਾਂਕਿ ਉਹ ਇਸ ਮੁਹਿੰਮ 'ਚ ਹਿੱਸਾ ਨਹੀਂ ਲੈਣਗੇ। ਜੇਕਰ ਕੋਈ ਬੱਚਿਆਂ ਦੀ ਵਰਤੋਂ ਪ੍ਰਚਾਰ ਲਈ ਕਰਦਾ ਹੈ ਤਾਂ ਬਾਲ ਮਜ਼ਦੂਰੀ ਐਕਟ, 1986 ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ।