ਰਿਆਸੀ, 03 ਮਾਰਚ : ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ 'ਚ 'ਕੱਚਾ' ਘਰ ਢਹਿ ਜਾਣ ਕਾਰਨ ਇਕ ਔਰਤ ਅਤੇ ਉਸ ਦੀਆਂ ਤਿੰਨ ਧੀਆਂ ਦੀ ਮੌਤ ਹੋ ਗਈ। 1 ਅਤੇ 2 ਮਾਰਚ ਨੂੰ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਹੋਈ। ਇਸ ਦੇ ਨਾਲ ਹੀ ਇੱਕ ਹੋਰ ਕੱਚਾ ਮਕਾਨ ਡਿੱਗਣ ਕਾਰਨ ਇੱਕ ਬਜ਼ੁਰਗ ਜੋੜਾ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦਾ ਇਲਾਜ ਪੀ.ਐਚ.ਸੀ. ਵਿੱਚ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਭਾਰੀ ਮੀਂਹ ਦੇ ਨਾਲ-ਨਾਲ ਬੱਦਲ ਵੀ ਜ਼ੋਰਦਾਰ ਗਰਜਦੇ ਰਹੇ। ਇਸ ਦੌਰਾਨ ਦੂਰ-ਦੁਰਾਡੇ ਦੇ ਪਿੰਡ ਚਸਾਣਾ ਦੇ ਰਹਿਣ ਵਾਲੇ ਮੁਹੰਮਦ ਫਰੀਦ ਦਾ ਕੱਚਾ ਘਰ ਢਹਿ ਗਿਆ। ਇਸ ਸਮੇਂ ਘਰ ‘ਚ ਉਸ ਦੀ ਪਤਨੀ ਫਲਾਲਾ ਅਖਤਰ ਦੇ ਨਾਲ ਪੰਜ ਸਾਲ ਦੀ ਬੇਟੀ ਨਸੀਮਾ ਅਖਤਰ, ਤਿੰਨ ਸਾਲ ਦੀ ਬੇਟੀ ਸਫੀਨ ਕੌਸਰ ਅਤੇ ਦੋ ਮਹੀਨੇ ਦੀ ਬੇਟੀ ਸਮਰੀਨ ਅਖਤਰ ਮੌਜੂਦ ਸਨ। ਉਹ ਸਾਰੇ ਕੱਚੇ ਮਕਾਨ ਹੇਠ ਦੱਬ ਗਏ। ਭਾਰੀ ਮੀਂਹ ਦੌਰਾਨ ਬਚਾਅ ਕਾਰਜ ਕੀਤੇ ਗਏ ਪਰ ਉਦੋਂ ਤੱਕ ਔਰਤ ਅਤੇ ਉਸ ਦੀਆਂ ਤਿੰਨ ਬੇਟੀਆਂ ਦੀ ਜਾਨ ਜਾ ਚੁੱਕੀ ਸੀ। ਇਸ ਤੋਂ ਇਲਾਵਾ ਇਕ ਹੋਰ ਕੱਚਾ ਮਕਾਨ ਢਹਿ ਜਾਣ ਕਾਰਨ 60 ਸਾਲਾ ਕਾਲੂ ਅਤੇ ਉਸ ਦੀ 58 ਸਾਲਾ ਪਤਨੀ ਬਾਨੋ ਬੇਗਮ ਜ਼ਖਮੀ ਹੋ ਗਏ। ਪੁਲਿਸ ਅਤੇ SDRF ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਹੋਰ ਘਰਾਂ ਦੀ ਹਾਲਤ ਬਾਰੇ ਵੀ ਜਾਣਕਾਰੀ ਮੰਗੀ ਜਾ ਰਹੀ ਹੈ।