ਮੁੰਬਈ, 20 ਮਾਰਚ : ਮਾਲੀਆ ਖ਼ੁਫ਼ੀਆ ਡਾਇਰੈਕਟੋਰੇਟ ਦੀ ਮੁੰਬਈ ਜ਼ੋਨਲ ਇਕਾਈ ਨੇ ਦੋ ਵਿਦੇਸ਼ੀ ਯਾਤਰੀਆਂ ਦੇ ਕਬਜ਼ੇ ’ਚੋਂ 100 ਕਰੋੜ ਰੁਪਏ ਮੁੱਲ ਦੀ 9.8 ਕਿਲੋਗ੍ਰਾਮ ਕੋਕੀਨ ਜ਼ਬਤ ਕਰ ਕੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫ਼ਾਸ਼ ਕੀਤਾ ਹੈ। ਡੀਆਰਆਈ ਨੇ ਉਨ੍ਹਾਂ ਤੋਂ ਪੁੱਛਗਿੱਛ ਪਿੱਛੋਂ ਗ੍ਰੇਟਰ ਨੋਇਡਾ ਤੋਂ ਇਕ ਨਾਈਜੀਰੀਆਈ ਨਾਗਰਿਕ ਤੇ ਉਸ ਦੇ ਸਹਿਯੋਗੀ ਨੂੰ ਵੀ ਗਿ੍ਰਫ਼ਤਾਰ ਕਰ ਲਿਆ। ਡੀਆਰਆਈ ਨੇ ਦੱਸਿਆ ਕਿ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਤੋਂ ਛੱਤਰਪਤੀ ਸ਼ਿਵਾਜੀ ਕੌਮਾਂਤਰੀ ਹਵਾਈ ਅੱਡੇ ਤੇ ਪੁੱਜਣ ਪਿੱਛੋਂ ਇਕ ਥਾਈਲੈਂਡ ਤੇ ਇਕ ਇੰਡੋਨੇਸ਼ੀਆਈ ਔਰਤ ਨੂੰ ਰੋਕਿਆ। ਤਲਾਸ਼ੀ ਦੌਰਾਨ ਦੋਵਾਂ ਕੋਲੋਂ 100 ਕਰੋੜ ਰੁਪਏ ਮੁੱਲ ਦੀ ਕਰੀਬ 9.829 ਕਿੱਲੋ ਕੋਕੀਨ ਬਰਾਮਦ ਕੀਤੀ ਗਈ। ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਡਰੱਗ ਨੂੰ ਦਿੱਲੀ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਸੰਚਾਲਿਤ ਇਕ ਸਿੰਡੀਕੇਟ ਤੱਕ ਪਹੁੰਚਾਇਆ ਜਾਣਾ ਸੀ। ਅਧਿਕਾਰੀ ਨੇ ਦੱਸਿਆ ਕਿ ਡੀਆਰਆਈ ਦੀ ਟੀਮ ਨਿਗਰਾਨੀ ਲਈ ਮੁੰਬਈ ’ਚ ਤਾਇਨਾਤ ਕੀਤੀ ਗਈ ਤੇ ਇਕ ਹੋਰ ਟੀਮ ਨੂੰ ਸਿੰਡੀਕੇਟ ਦੇ ਹੋਰਨਾਂ ਮੈਂਬਰਾਂ ਨੂੰ ਫੜਨ ਲਈ ਦਿੱਲੀ ਭੇਜਿਆ ਗਿਆ। ਡੀਆਰਆਈ ਅਧਿਕਾਰੀ ਨੇ ਮੁਲਜ਼ਮਾਂ ਨੂੰ ਫੜਨ ਲਈ ਸਥਾਨਕ ਅਧਿਕਾਰੀਆਂ ਦੀ ਮਦਦ ਨਾਲ ਗ੍ਰੇਟਰ ਨੋਇਡਾ ’ਚ ਜਾਲ ਵਿਛਾਇਆ ਤੇ ਮਾਸਟਰਮਾਈਂਡ ਦੀ ਪਛਾਣ ਕਰ ਲਈ। ਹਾਲਾਂਕਿ ਖ਼ਤਰੇ ਨੂੰ ਦੇਖਦੇ ਹੋਏ ਮੁਲਜ਼ਮ ਹਿੰਸਕ ਹੋ ਗਿਆ ਤੇ ਅਧਿਕਾਰੀਆਂ ਨੂੰ ਧੱਕਾ ਦੇ ਕੇ ਭੱਜ ਗਿਆ। ਟੀਮ ਨੇ ਪਿੱਛਾ ਕਰ ਕੇ ਨਾਈਜੀਰੀਆਈ ਨਾਗਰਿਕ ਤੇ ਉਸ ਦੇ ਸਹਿਯੋਗੀ ਨੂੰ ਫੜ ਲਿਆ।