ਗਾਂਧੀਨਗਰ, 09 ਮਾਰਚ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਬੁੱਧਵਾਰ ਸ਼ਾਮ ਨੂੰ ਐਲਾਨ ਕੀਤਾ ਕਿ ਉਹਨਾਂ ਦੇ ਦੇਸ਼ ਅਤੇ ਭਾਰਤ ਸਰਕਾਰ ਨੇ ਆਸਟਰੇਲੀਆ-ਭਾਰਤ ਸਿੱਖਿਆ ਯੋਗਤਾ ਮਾਨਤਾ ਵਿਧੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਐਲਬਨੀਜ਼ ਨੇ ਇਕ ਸਮਾਗਮ ਵਿਚ ਅਧਿਕਾਰਤ ਤੌਰ 'ਤੇ ਘੋਸ਼ਣਾ ਕੀਤੀ ਕਿ ਆਸਟ੍ਰੇਲੀਆ ਦੀ ਡੀਕਿਨ ਯੂਨੀਵਰਸਿਟੀ ਗੁਜਰਾਤ ਦੇ ਗਾਂਧੀਨਗਰ ਵਿਚ ਗਿਫਟ ਸਿਟੀ ’ਚ ਇਕ ਅੰਤਰਰਾਸ਼ਟਰੀ ਸ਼ਾਖਾ ਕੈਂਪਸ ਸਥਾਪਤ ਕਰੇਗੀ। ਉਹਨਾਂ ਕਿਹਾ, “ਸਾਡੇ ਦੁਵੱਲੇ ਸਿੱਖਿਆ ਸਬੰਧਾਂ ਵਿਚ ਮਹੱਤਵਪੂਰਨ ਪ੍ਰਗਤੀ ਹੋਈ ਹੈ। ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੀਂ ਆਸਟ੍ਰੇਲੀਆ-ਭਾਰਤ ਸਿੱਖਿਆ ਯੋਗਤਾ ਮਾਨਤਾ ਵਿਧੀ ਨੂੰ ਅੰਤਿਮ ਰੂਪ ਦੇ ਦਿੱਤਾ ਹੈ।" ਐਲਬਨੀਜ਼ ਨੇ ਕਿਹਾ, “ਨਵੀਂ ਵਿਧੀ ਦਾ ਮਤਲਬ ਹੈ ਕਿ ਜੇਕਰ ਤੁਸੀਂ ਭਾਰਤੀ ਵਿਦਿਆਰਥੀ ਹੋ ਅਤੇ ਆਸਟ੍ਰੇਲੀਆ ਵਿਚ ਪੜ੍ਹ ਰਹੇ ਜਾਂ ਪੜ੍ਹ ਚੁੱਕੇ ਹੋ, ਤੁਹਾਡੀ ਮਿਹਨਤ ਨਾਲ ਕੀਤੀ ਡਿਗਰੀ ਤੁਹਾਡੇ ਘਰ ਵਾਪਸ ਆਉਣ 'ਤੇ ਮਾਨਤਾ ਪ੍ਰਾਪਤ ਹੋਵੇਗੀ। ਜੇਕਰ ਤੁਸੀਂ ਆਸਟ੍ਰੇਲੀਆ ਵਿਚ ਵੱਡੇ ਭਾਰਤੀ ਡਾਇਸਪੋਰਾ ਸਮੂਹ ਦੇ ਮੈਂਬਰ ਹੋ ਤਾਂ ਤੁਸੀਂ ਵਧੇਰੇ ਭਰੋਸਾ ਮਹਿਸੂਸ ਕਰੋਗੇ ਕਿ ਤੁਹਾਡੀ ਭਾਰਤੀ ਯੋਗਤਾ ਨੂੰ ਆਸਟ੍ਰੇਲੀਆ ਵਿਚ ਮਾਨਤਾ ਦਿੱਤੀ ਜਾਵੇਗੀ।"