ਨਵੀਂ ਦਿੱਲੀ, 07 ਫਰਵਰੀ : ਤੁਰਕੀ ਵਿੱਚ ਭੂਚਾਲ ਕਾਰਨ ਹੋਏ ਭਾਰੀ ਨੁਕਸਾਨ ਤੋਂ ਬਾਅਦ, ਭਾਰਤ ਸਰਕਾਰ ਨੇ ਮਦਦ ਦਾ ਹੱਥ ਵਧਾਇਆ ਹੈ। ਇਸ ਕੜੀ ਵਿੱਚ NDRF ਦੇ 51 ਜਵਾਨ ਵਿਸ਼ੇਸ਼ ਜਹਾਜ਼ C-17 ਗਲੋਬਮਾਸਟਰ ਰਾਹੀਂ ਤੁਰਕੀ ਪਹੁੰਚੇ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਵਿਦੇਸ਼ ਮੰਤਰੀ ਨੇ ਟਵੀਟ ਕੀਤਾ ਕਿ 50 ਤੋਂ ਵੱਧ ਸੈਨਿਕਾਂ ਨਾਲ ਪਹਿਲੀ ਭਾਰਤੀ ਸੀ17 ਉਡਾਣ ਤੁਰਕੀ ਦੇ ਅਡਾਨਾ ਹਵਾਈ ਅੱਡੇ ‘ਤੇ ਪਹੁੰਚ ਗਈ ਹੈ। ਇਸ ਵਿੱਚ ਬਚਾਅ ਕਰਮਚਾਰੀ, ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ, ਡ੍ਰਿਲਿੰਗ ਮਸ਼ੀਨਾਂ, ਰਾਹਤ ਸਮੱਗਰੀ, ਦਵਾਈਆਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਹਨ। ਇਸ ਤੋਂ ਇਲਾਵਾ ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਇਸ ਚੁਣੌਤੀਪੂਰਨ ਸਮੇਂ ਵਿੱਚ ਭਾਰਤ ਨੇ ਆਪਣੀ ਏਕਤਾ ਦਿਖਾਈ ਹੈ। ਐਸ ਜੈਸ਼ੰਕਰ ਨੇ ਕਿਹਾ ਕਿ ਹਵਾਈ ਸੈਨਾ ਦਾ ਦੂਜਾ ਜਹਾਜ਼ ਰਾਹਤ ਸਮੱਗਰੀ ਲੈ ਕੇ ਰਵਾਨਾ ਹੋਣ ਲਈ ਤਿਆਰ ਹੈ। ਭਾਰਤੀ ਫੌਜ ਦੀ 89 ਮੈਂਬਰੀ ਫੀਲਡ ਹਸਪਤਾਲ ਅਤੇ ਮੈਡੀਕਲ ਟੀਮ ਤੁਰਕੀ ਲਈ ਰਵਾਨਾ ਹੋ ਗਈ ਹੈ। ਆਰਮੀ ਮੈਡੀਕਲ ਟੀਮ ਵਿੱਚ ਆਰਥੋਪੀਡਿਕ ਸਰਜੀਕਲ ਟੀਮ, ਜਨਰਲ ਸਰਜੀਕਲ ਸਪੈਸ਼ਲਿਸਟ ਅਤੇ ਹੋਰ ਮੈਡੀਕਲ ਟੀਮਾਂ ਸਮੇਤ ਕ੍ਰਿਟੀਕਲ ਕੇਅਰ ਸਪੈਸ਼ਲਿਸਟ ਨੂੰ ਭੇਜਿਆ ਗਿਆ ਹੈ। ਇਸ ਦੇ ਨਾਲ ਹੀ 30 ਬਿਸਤਰਿਆਂ ਵਾਲੀ ਮੈਡੀਕਲ ਸਹੂਲਤ ਸਥਾਪਤ ਕਰਨ ਲਈ ਐਕਸ-ਰੇ ਮਸ਼ੀਨਾਂ, ਵੈਂਟੀਲੇਟਰ, ਆਕਸੀਜਨ ਪੈਦਾ ਕਰਨ ਵਾਲੇ ਪਲਾਂਟ, ਕਾਰਡੀਆਕ ਮਾਨੀਟਰ ਅਤੇ ਸਮੱਗਰੀ ਸਮੇਤ ਨਾਜ਼ੁਕ ਮੈਡੀਕਲ ਉਪਕਰਣ। ਇਨ੍ਹਾਂ ਹੀ ਨਹੀਂ ਆਗਰਾ ਸਥਿਤ ਆਰਮੀ ਫੀਲਡ ਹਸਪਤਾਲ ਨੂੰ ਵੀ ਨਾਲ ਭੇਜਿਆ ਗਿਆ ਹੈ। ਕੋਲਕਾਤਾ ਵਿੱਚ NDRF ਦੀ ਦੂਜੀ ਬਟਾਲੀਅਨ ਦੇ ਕਮਾਂਡਿੰਗ ਅਫਸਰ ਗੁਰਮਿੰਦਰ ਸਿੰਘ ਦੀ ਅਗਵਾਈ ‘ਚ 101 ਬਚਾਅ ਕਰਮੀਆਂ ਦੀ ਪੂਰੀ ਟੀਮ ਤੁਰਕੀ ਵਿੱਚ ਭਾਰਤੀ ਦੂਤਾਵਾਸ ਅਤੇ ਸਥਾਨਕ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਤਾਲਮੇਲ ਵਾਲੇ ਢੰਗ ਨਾਲ ਆਪਣਾ ਕੰਮ ਸ਼ੁਰੂ ਕਰੇਗੀ।