ਨਵੀਂ ਦਿੱਲੀ, 3 ਜੂਨ : ਅਮੂਲ ਦੁੱਧ ਦੀ ਕੀਮਤ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਕਿਹਾ ਹੈ ਕਿ ਅਮੂਲ ਗੋਲਡ, ਅਮੂਲ ਸ਼ਕਤੀ ਅਤੇ ਅਮੁਲ ਫਰੈਸ਼ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਨਵੀਆਂ ਕੀਮਤਾਂ ਅੱਜ ਸੋਮਵਾਰ ਸਵੇਰ ਤੋਂ ਲਾਗੂ ਹੋ ਗਈਆਂ ਹਨ। ਫੈਡਰੇਸ਼ਨ ਨੇ ਪੱਤਰ ਜਾਰੀ ਕਰਕੇ ਕਿਹਾ ਕਿ ਸੰਚਾਲਨ ਅਤੇ ਉਤਪਾਦਨ ਦੀ ਕੁੱਲ ਲਾਗਤ ਵਧਣ ਕਾਰਨ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। 2 ਰੁਪਏ ਪ੍ਰਤੀ ਲੀਟਰ ਦੇ ਵਾਧੇ ਦਾ ਮਤਲਬ ਹੈ ਕਿ MRP 3-4% ਵਧ ਜਾਵੇਗੀ। ਦੱਸਿਆ ਗਿਆ ਕਿ ਖੇਤੀ ਲਾਗਤਾਂ ਵਧਣ ਕਾਰਨ ਸਾਡੀਆਂ ਮੈਂਬਰ ਯੂਨੀਅਨਾਂ ਨੇ ਕਿਸਾਨਾਂ ਤੋਂ ਖਰੀਦੇ ਦੁੱਧ ਦੇ ਭਾਅ ਪਿਛਲੇ ਸਾਲ ਦੇ ਮੁਕਾਬਲੇ 6-8 ਫੀਸਦੀ ਵਧਾ ਦਿੱਤੇ ਹਨ। ਅਮੂਲ ਦੁੱਧ ਉਤਪਾਦਕਾਂ ਨੂੰ ਖਪਤਕਾਰਾਂ ਦੁਆਰਾ ਅਦਾ ਕੀਤੇ ਹਰੇਕ ਰੁਪਏ ਵਿੱਚੋਂ ਲਗਭਗ 80 ਪੈਸੇ ਦਿੰਦਾ ਹੈ।