ਨਵੀਂ ਦਿੱਲੀ, 06 ਫਰਵਰੀ : ਅਡਾਨੀ ਗਰੁੱਪ ਖਿਲਾਫ ਲੱਗੇ ਧੋਖਾਦੇਹੀ ਦੇ ਦੋਸ਼ਾਂ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਸਰਕਾਰ ‘ਤੇ ਹਮਲਾ ਬੋਲ ਰਹੀ ਹੈ। ਇਸ ਮੁੱਦੇ ‘ਤੇ ਸੰਸਦ ਦੇ ਦੋਵੇਂ ਸਦਨਾਂ ਵਿਚ ਵੀ ਹੰਗਾਮਾ ਹੋਇਆ ਜਿਸ ਦੇ ਬਾਅਦ ਕਾਰਵਾਈ ਕੱਲ੍ਹ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਇਸ ਵਿਚ ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਵੀ ਇਸ ਮੁੱਦੇ ਨੂੰ ਲੈ ਕੇ ਸਰਕਾਰ ‘ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਸਰਕਾਰ ਦੀ ਪੂਰੀ ਕੋਸ਼ਿਸ਼ ਰਹੇਗੀ ਕਿ ਸੰਸਦ ਵਿਚ ਅਡਾਨੀ ਮੁੱਦੇ ‘ਤੇ ਕੋਈ ਚਰਚਾ ਨਾ ਹੋਵੇ। ਸਰਕਾਰ ਨਹੀਂ ਚਾਹੁੰਦੀ ਕਿ ਅਡਾਨੀ ਦੇ ਮਾਮਲੇ ‘ਤੇ ਸੰਸਦ ਵਿਚ ਚਰਚਾ ਹੋਵੇ। ਉਹ ਡਰੀ ਹੋਈ ਹੈ, ਸਰਕਾਰ ਨੂੰ ਸੰਸਦ ਵਿਚ ਇਸ ‘ਤੇ ਚਰਚਾ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਸੰਸਦ ਵਿਚ ਇਸ ‘ਤੇ ਚਰਚਾ ਹੋਵੇ, ਅਡਾਨੀ ਜੀ ਪਿੱਛੇ ਕਿਹੜੀ ਸ਼ਕਤੀ ਹੈ, ਦੇਸ਼ ਨੂੰ ਪਤਾ ਲੱਗਾਣਾ ਚਾਹੀਦਾ।’ ਕਾਂਗਰਸ ਸਾਂਸਦ ਨੇ ਦੋਸ਼ ਲਗਾਇਆ ਕਿ ਮੈਂ ਸਰਕਾਰ ਬਾਰੇ ਕਾਫੀ ਸਮੇਂ ਤੋਂ ਬੋਲ ਰਿਹਾ ਹਾਂ ਕਿ ‘ਹਮ ਦੋ, ਹਮਾਰੇ ਦੋ’। ਹੁਣ ਮੋਦੀ ਜੀ ਪੂਰੀ ਕੋਸ਼ਿਸ਼ ਕਰਨਗੇ ਕਿ ਅਡਾਨੀ ਜੀ ‘ਤੇ ਚਰਚਾ ਨਾ ਹੋਵੇ। ਉਸ ਦਾ ਕਾਰਨ ਹੈ… ਕਾਰਨ ਤੁਸੀਂ ਜਾਣਦੇ ਹੋ। ਮੈਂ 2-3 ਸਾਲ ਤੋਂ ਇਹ ਮੁੱਦਾ ਚੁੱਕ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇ। ਜੋ ਲੱਖਾਂ ਕਰੋੜਾਂ ਦਾ ਭ੍ਰਿਸ਼ਟਾਚਾਰ ਹੋਇਆ ਹੈ, ਉਸ ਬਾਰੇ ਚਰਚਾ ਹੋਵੇ।’ ਕਾਂਗਰਸ ਦਾ ਕਹਿਣਾ ਹੈ ਕਿ ਇਸ ਮੁੱਦੇ ‘ਤੇ ਸਦਨ ਵਿਚ ਚਰਚਾ ਹੋਣੀ ਚਾਹੀਦੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ। ਦੱਸ ਦੇਈਏ ਕਿ ਅਮਰੀਕਾ ਦੀ ਸ਼ਾਰਟ ਸੇਲਰ ਹਿੰਡਨਬਰਗ ਰਿਸਰਚ ਨੇ ਰਿਪੋਰਟ ਜਾਰੀ ਕਰਦੇ ਹੋਏ ਦੋਸ਼ ਲਗਾਇਆ ਕਿ ਅਡਾਨੀ ਗਰੁੱਪ ਸ਼ੇਅਰਾਂ ਦੇ ਹੇਰ-ਫੇਰ ਤੇ ਧੋਖਾਦੇਹੀ ਵਿਚ ਸ਼ਾਮਲ ਰਿਹਾ ਹੈ। ਹਾਲਾਂਕਿ ਅਡਾਨੀ ਗਰੁੱਪ ਵੱਲੋਂ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਗਿਆ ਹੈ।